ਐੱਮ ਐੱਸ ਪੀ ਦੀ ਕਾਨੂੰਨੀ ਗਾਰੰਟੀ ਦੇਵਾਂਗੇ : ਰਾਹੁਲ

0
85

ਲੁਧਿਆਣਾ (ਰਾਜ ਸਿੰਗਲਾ)-ਰਾਹੁਲ ਗਾਂਧੀ ਨੇ ਬੁੱਧਵਾਰ ਐਲਾਨ ਕੀਤਾ ਕਿ 4 ਜੂਨ ਨੂੰ ਇੰਡੀਆ ਗੱਠਜੋੜ ਦੀ ਸਰਕਾਰ ਬਣਨ ’ਤੇ ਉਹ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਪਣੀਆਂ ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਵੀ ਮਿਲੇਗੀ। ਮੁੱਲਾਂਪੁਰ ਦਾਖਾ ਦੀ ਅਨਾਜ ਮੰਡੀ ’ਚ ਕੜਾਕੇ ਦੀ ਗਰਮੀ ਦੇ ਬਾਵਜੂਦ 50 ਹਜ਼ਾਰ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਵਾਲੀ ਇੱਕ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਾਂਗਰਸ ਉਮੀਦਵਾਰ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵਕਾਲਤ ਕੀਤੀ ਅਤੇ ਲੋਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਲਈ ਲੰਬੇ ਸਮੇਂ ਦੀ ਜਾਇਦਾਦ ਬਣਨ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਕੀਮਤ ’ਤੇ ਉਨ੍ਹਾਂ ਦੀ ਜਿੱਤ ਹੋਵੇ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਚੋਣਾਂ ਸੰਵਿਧਾਨ ਨੂੰ ਬਚਾਉਣ ਲਈ ਲੜੀਆਂ ਜਾ ਰਹੀਆਂ ਹਨ, ਜਿਸ ਨੂੰ ਭਾਜਪਾ ਤੋਂ ਖਤਰਾ ਹੈ। ਉਨ੍ਹਾ ਕਿਹਾ ਕਿ 70 ਸਾਲਾਂ ਵਿੱਚ ਪਹਿਲੀ ਵਾਰ ਭਾਜਪਾ ਆਗੂ ਖੁੱਲ੍ਹ ਕੇ ਕਹਿ ਰਹੇ ਹਨ ਕਿ ਜੇਕਰ ਉਹ ਜਿੱਤ ਗਏ ਤਾਂ ਸੰਵਿਧਾਨ ਬਦਲ ਦੇਣਗੇ।
ਰਾਹੁਲ ਨੇ ਮੋਦੀ ’ਤੇ ਧਰਮ, ਖੇਤਰ, ਜਾਤੀ ਅਤੇ ਸੂਬੇ ਦੇ ਨਾਂਅ ’ਤੇ ਲੋਕਾਂ ਨੂੰ ਵੰਡਣ ਅਤੇ ਉਨ੍ਹਾਂ ਨੂੰ ਇਕ-ਦੂਜੇ ਨਾਲ ਲੜਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਮੋਦੀ ਚਾਹੁੰਦੇ ਹਨ ਕਿ ਦੇਸ਼ ’ਤੇ ਸਿਰਫ 22-25 ਲੋਕਾਂ ਦਾ ਸਾਸ਼ਨ ਹੋਵੇ, ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ ਅਤੇ ਜਿਨ੍ਹਾਂ ਨੂੰ ਉਨ੍ਹਾਂ ਨੇ ਬੰਦਰਗਾਹਾਂ, ਹਵਾਈ ਅੱਡੇ, ਬੁਨਿਆਦੀ ਢਾਂਚਾ ਅਤੇ ਬਿਜਲੀ ਪ੍ਰਾਜੈਕਟਾਂ ਸਮੇਤ ਹੋਰ ਸਾਰੀਆਂ ਜਾਇਦਾਦਾਂ ਸੌਂਪ ਦਿੱਤੀਆਂ ਹਨ।
ਸੀਨੀਅਰ ਕਾਂਗਰਸੀ ਆਗੂ ਨੇ ਐਲਾਨ ਕੀਤਾ ਕਿ ਜਿਸ ਤਰ੍ਹਾਂ ਮੋਦੀ ਨੇ ਸਿਰਫ 22 ਅਰਬਪਤੀ ਬਣਾਏ, ਉਸੇ ਤਰ੍ਹਾਂ ਕਾਂਗਰਸ ਪਾਰਟੀ ਕਰੋੜਾਂ ਲੱਖਪਤੀ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਗਰੀਬਾਂ ਅਤੇ ਨੌਜਵਾਨਾਂ ਨੂੰ ਨਕਦ ਸਹਾਇਤਾ ਪ੍ਰਦਾਨ ਕਰਨ ਪਿੱਛੇ ਇੱਕ ਆਰਥਿਕ ਵਿਚਾਰ ਹੈ, ਕਿਉਂਕਿ ਇਸ ਨਾਲ ਆਰਥਿਕਤਾ ਨੂੰ ਹੁਲਾਰਾ ਮਿਲੇਗਾ।
ਉਨ੍ਹਾ ਕਿਹਾ ਕਿ ਇੰਡੀਆ ਸਰਕਾਰ ਆਉਂਦੇ ਹੀ ਗਰੀਬ ਪਰਵਾਰਾਂ ਦੀ ਸ਼ਨਾਖਤ ਕੀਤੀ ਜਾਵੇਗੀ ਅਤੇ ਹਰੇਕ ਪਰਵਾਰ ਨੂੰ ਹਰ ਮਹੀਨੇ 8500 ਰੁਪਏ ਦਿੱਤੇ ਜਾਣਗੇ। ਇਸੇ ਤਰ੍ਹਾਂ ਨਵੇਂ ਗ੍ਰੈਜੂਏਟ ਅਤੇ ਡਿਪਲੋਮਾ ਹੋਲਡਰਾਂ ਲਈ ‘ਪਹਿਲੀ ਨੌਕਰੀ ਪੱਕੀ’ ਸਕੀਮ ਹੋਵੇਗੀ, ਜਿਸ ਤਹਿਤ ਉਨ੍ਹਾਂ ਨੂੰ ਇੱਕ ਸਾਲ ਲਈ ਗਾਰੰਟੀਸ਼ੁਦਾ ਅਪ੍ਰੈਂਟਿਸਸ਼ਿਪ ਅਤੇ ਉਸ ਸਮੇਂ ਲਈ 1 ਲੱਖ ਰੁਪਏ ਦੀ ਯਕੀਨੀ ਆਮਦਨ ਹੋਵੇਗੀ। ਉਨ੍ਹਾ ਕਿਹਾ ਕਿ ਘੱਟੋ-ਘੱਟ ਦਿਹਾੜੀ ਮੌਜੂਦਾ 250 ਰੁਪਏ ਪ੍ਰਤੀ ਦਿਨ ਤੋਂ ਵਧਾ ਕੇ 400 ਰੁਪਏ ਪ੍ਰਤੀ ਦਿਨ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ।
ਰਾਹੁਲ ਨੇ ਸਿੱਧੀ ਨਕਦ ਸਹਾਇਤਾ ਯੋਜਨਾ ਦੇ ਪਿੱਛੇ ਵਿਚਾਰ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਮੋਦੀ ਨੇ ਕੁਝ ਅਰਬਪਤੀਆਂ ਨੂੰ ਲੱਖਾਂ-ਕਰੋੜਾਂ ਰੁਪਏ ਦਿੱਤੇ, ਜਿਨ੍ਹਾਂ ਨੇ ਇਹ ਸਾਰਾ ਪੈਸਾ ਅਮਰੀਕਾ, ਬਿ੍ਰਟੇਨ, ਜਰਮਨੀ ਜਾਂ ਦੁਬਈ ਵਰਗੀਆਂ ਥਾਵਾਂ ’ਤੇ ਖਰਚ ਕੀਤਾ, ਪਰ ਹੁਣ ਪੈਸਾ ਗਰੀਬ, ਨੌਜਵਾਨ ਅਤੇ ਇਹ ਕਿਸਾਨਾਂ ਦੇ ਹੱਥਾਂ ਵਿੱਚ ਜਾਵੇਗਾ ਅਤੇ ਸਥਾਨਕ ਪੱਧਰ ’‘ਤੇ ਖਰਚ ਕੀਤਾ ਜਾਵੇਗਾ। ਜਿਸ ਨਾਲ ਅਰਥਵਿਵਸਥਾ ’ਚ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਵਸਤੂਆਂ ਦੀ ਮੰਗ ਵਧੇਗੀ, ਜਿਸ ਨਾਲ ਫੈਕਟਰੀਆਂ ਵੱਲੋਂ ਉਤਪਾਦਨ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਨੌਕਰੀਆਂ ਪੈਦਾ ਹੋਣਗੀਆਂ ਅਤੇ ਨੌਜਵਾਨਾਂ ਨੂੰ ਰੁਜਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਇੰਡੀਆ ਦੀ ਸਰਕਾਰ ਮੱਧਮ ਅਤੇ ਛੋਟੇ ਉਦਯੋਗਾਂ ਲਈ ਬੈਂਕਾਂ ਦੇ ਦਰਵਾਜ਼ੇ ਖੋਲ੍ਹੇਗੀ, ਜੋ ਮੋਦੀ ਦੀਆਂ ਨੋਟਬੰਦੀ ਦੀਆਂ ਨੀਤੀਆਂ ਅਤੇ ਜੀ ਐੱਸ ਟੀ ਦੇ ਗਲਤ ਲਾਗੂ ਹੋਣ ਕਾਰਨ ਤਬਾਹ ਹੋ ਗਈਆਂ ਸਨ।
ਉਨ੍ਹਾ ਦੁਹਰਾਇਆ ਕਿ ਇੰਡੀਆ ਦੀ ਸਰਕਾਰ ਅਗਨੀਪੱਥ ਯੋਜਨਾ ਨੂੰ ਰੱਦ ਕਰੇਗੀ, ਕਿਉਂਕਿ ਇਹ ਸੈਨਿਕਾਂ ਅਤੇ ਹਥਿਆਰਬੰਦ ਬਲਾਂ ‘ਤੇ ਹਮਲਾ ਅਤੇ ਅਪਮਾਨ ਹੈ। ਉਨ੍ਹਾ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ’ਤੇ ਵੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਸਖਤੀ ਨਾਲ ਨਜਿੱਠਣ ਦੀ ਲੋੜ ਹੈ।
ਇਸ ਦੌਰਾਨ ਹਾਜ਼ਰ ਲੋਕਾਂ ਵਿੱਚ ਕੇਸੀ ਵੇਣੂਗੋਪਾਲ, ਦਵਿੰਦਰ ਯਾਦਵ, ਹਰੀਸ਼ ਚੌਧਰੀ, ਰਾਜਾ ਵੜਿੰਗ, ਸਿਮਰਜੀਤ ਸਿੰਘ ਬੈਂਸ, ਬਲਕੌਰ ਸਿੰਘ ਸਿੱਧੂ, ਭਾਰਤ ਭੂਸ਼ਣ ਆਸ਼ੂ, ਜੱਸੀ ਖੰਗੂੜਾ, ਸੁਰਿੰਦਰ ਡਾਵਰ, ਕੁਲਦੀਪ ਵੈਦ, ਬਲਵਿੰਦਰ ਬੈਂਸ, ਸੰਜੇ ਤਲਵਾੜ, ਮੇਜਰ ਸਿੰਘ ਮੁੱਲਾਂਪੁਰ, ਕੈਪਟਨ ਸੰਦੀਪ ਸੰਧੂ ਆਦਿ ਸ਼ਾਮਲ ਸਨ।

LEAVE A REPLY

Please enter your comment!
Please enter your name here