ਜਲੰਧਰ : ਰੋਜ਼ਾਨਾ ‘ਨਵਾਂ ਜ਼ਮਾਨਾ’ ਪਰਵਾਰ ਵਿੱਚ ਲੰਮਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਕਾਮਰੇਡ ਸਰਵਣ ਸਿੰਘ ਜ਼ਫ਼ਰ ਉਰਫ਼ ‘ਕਾਮਰੇਡ ਜੀ’ ਮੰਗਲਵਾਰ ਸ਼ਾਮ ਸਦੀਵੀ ਵਿਛੋੜਾ ਦੇ ਗਏ। ਉਹ 90 ਵਰ੍ਹਿਆਂ ਦੇ ਸਨ। ਉਹ ਲੰਮੇ ਤੋਂ ਆਪਣੀ ਪਤਨੀ ਅਤੇ ਦੋ ਬੇਟਿਆਂ ਨਾਲ ਇੰਗਲੈਂਡ ਦੇ ਸ਼ਹਿਰ ਸਾਥੂਹਾਲ ਵਿਖੇ ਰਹਿ ਰਹੇ ਸਨ।
ਕਾਮਰੇਡ ਜੀ ਨੇ ਅਖਬਾਰੀ ਲਾਈਨ ’ਚ ਸ਼ੁਰੂਆਤ ਕਰੀਬ 1957 ਤੋਂ ਉਰਦੂ ‘ਅਜੀਤ’ ਵਿੱਚ ਬਾਬਾ ਗੁਰਬਖ਼ਸ਼ ਸਿੰਘ ਬਨੂੰਆਣਾ ਨਾਲ ਕੀਤੀ ਅਤੇ 1964 ਵਿੱਚ ਉਹ ‘ਨਵਾਂ ਜ਼ਮਾਨਾ’ ਵਿੱਚ ਆ ਗਏ। ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਕਾਮਰੇਡ ਜੀ ਰੋਜ਼ਾਨਾ ਅਖਬਾਰ ਵਿੱਚ ਖ਼ਬਰਾਂ ਦੇ ਨਾਲ-ਨਾਲ ਬਹੁਤ ਭਾਵਪੂਰਤ ਸਿਆਸੀ ਕਾਰਟੂਨ ਬਣਾਉਣ ਦੇ ਵੀ ਮਾਹਰ ਸਨ। ਉਹ 1980 ਵਿੱਚ ਇੰਗਲੈਂਡ ਚਲੇ ਗਏ ਅਤੇ ਉਥੇ ਹੀ ਉਨ੍ਹਾ ਵੱਖ-ਵੱਖ ਪੰਜਾਬੀ ਅਖ਼ਬਾਰਾਂ ਵਿੱਚ ਕੰਮ ਕੀਤਾ। ਉਹ ਬਰਤਾਨੀਆ ਦੀ ਫਰੈਂਡਜ਼ ਆਫ਼ ਸੀ ਪੀ ਆਈ ਦੇ ਸਰਗਰਮ ਕਾਰਕੁਨ ਸਨ ਅਤੇ ਉਥੇ ਦੀਆਂ ਸਾਹਿਤਕ ਜਥੇਬੰਦੀਆਂ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਂਦੇ ਸਨ। ਪਿਛਲੇ ਕੁਝ ਸਮੇਂ ਤੋਂ ਉਨ੍ਹਾ ਦੀ ਸਿਹਤ ਨਾਸਾਜ਼ ਚੱਲ ਰਹੀ ਸੀ।ਕਾਮਰੇਡ ਜੀ ਦੇ ਵਿਛੋੜੇ ’ਤੇ ਵੱਡੀ ਗਿਣਤੀ ਵਿੱਚ ਉਨ੍ਹਾ ਦੇ ਸਨੇਹੀਆਂ, ਮਿੱਤਰਾਂ ਵੱਲੋਂ ਸ਼ੋਕ ਸੁਨੇਹੇ ਭੇਜੇ ਜਾ ਰਹੇ ਹਨ। ਅਦਾਰਾ ‘ਨਵਾਂ ਜ਼ਮਾਨਾ’ ਵੀ ਇਸ ਦੁੱਖ ਦੀ ਘੜੀ ’ਚ ਉਨ੍ਹਾ ਦੇ ਪਰਵਾਰ ਨਾਲ ਸ਼ਾਮਲ ਹੈ ਅਤੇ ਉਨ੍ਹਾ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਦਾ ਹੈ।