ਗਿੱਦੜਬਾਹਾ (ਜਸਵੰਤ ਗਿੱਲ ਛੱਤਿਆਣਾ)
ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ ਦੇ ਹੱਕ ਵਿੱਚ ਪਿੰਡ ਦੋਦਾ, ਸੁਖ਼ਨਾ ਤੇ ਵੱਖ-ਵੱਖ ਹੋਰ ਪਿੰਡਾਂ ਵਿਚ ਪ੍ਰਚਾਰ ਕੀਤਾ ਗਿਆ, ਜਿਸ ਦੀ ਅਗਵਾਈ ਗੁਰਮੇਲ ਸਿੰਘ, ਬੋਹੜ ਸਿੰਘ, ਚਰਨਜੀਤ ਸਿੰਘ ਦੋਦਾ ਨੇ ਕੀਤੀ। ਗੱਲਬਾਤ ਕਰਦਿਆਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਲਾਹਕਾਰ ਜਗਰੂਪ ਸਿੰਘ ਕਿਹਾ ਕਿ ਕੇਂਦਰ ਸਰਕਾਰ ਨੇ ਲਗਾਤਾਰ ਨਰੇਗਾ ਦਾ ਬਜਟ ਘਟਾਇਆ ਹੈ।ਨਰੇਗਾ ਦੀ ਕਾਨੂੰਨੀ ਦਿਹਾੜੀ ਦਾ ਰੇਟ 431 ਰੁਪਏ ਲਾਗੂ ਕੀਤਾ ਜਾਵੇ। ਹੁਣ ਦੇਸ਼ ਅੰਦਰ 83 ਫੀਸਦੀ ਨੌਜਵਾਨ ਬੇਰੁਜ਼ਗਾਰ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਹਰ ਹੱਥ ਨੂੰ ਕੰਮ ਮਿਲਣਾ ਚਾਹੀਦਾ ਹੈ ਤਾਂ ਦੇਸ਼ ਦੀ ਪਾਰਲੀਮੈਂਟ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ (ਬਨੇਗਾ) ਬਣੇ। ਇਹ ਉਸ ਵੇਲੇ ਹੀ ਸੰਭਵ ਹੋਵੇਗਾ, ਜਦ ਕਮਿਊਨਿਸਟ ਪਾਰਟੀਆਂ ਦੇ ਉਮੀਦਵਾਰ ਜਿੱਤ ਕੇ ਪਾਰਲੀਮੈਂਟ ਵਿੱਚ ਜਾਣਗੇ। ਉਹਨਾ ਕਿਹਾ ਕਿ ਰੁਜ਼ਗਾਰ ਨਾ ਮਿਲਣ ਕਾਰਨ ਪੰਜਾਬ ਦੇ ਲੱਖਾਂ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਧਸ ਰਹੇ ਹਨ, ਜਿਨ੍ਹਾਂ ਨੂੰ ਸਿਸਟਮ ਗੁੰਡਾਗਰਦੀ ਵੱਲ ਧੱਕ ਕੇ ਸਿਵਿਆਂ ਦੇ ਰਾਹ ਤੋਰ ਰਿਹਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਨੌਜਵਾਨ ਇੱਥੋਂ ਦੇ ਸਿਸਟਮ ਤੋਂ ਨਿਰਾਸ਼ ਹੋ ਕੇ ਲੱਖਾਂ ਰੁਪਈਆ ਖ਼ਰਚ ਕਰਕੇ ਵਿਦੇਸ਼ਾਂ ਵੱਲ ਜਾ ਰਹੇ ਹਨ, ਜਿਸ ਕਰਕੇ ਸਾਡਾ ਦੇਸ਼ ਜਵਾਨੀ ਤੋਂ ਵਿਰਵੇ ਹੋਣ ਵੱਲ ਵਧ ਰਿਹਾ ਹੈ। ਇਸ ਤਰ੍ਹਾਂ ਦਾ ਵਰਤਾਰਾ ਸਿਰਫ਼ ਦੇਸ਼ ਵਿੱਚ ਰੁਜ਼ਗਾਰ ਦੀ ਗਾਰੰਟੀ ਦਾ ਕਾਨੂੰਨ ਬਣਨ ਨਾਲ ਹੀ ਰੁਕ ਸਕਦਾ ਹੈ, ਜਿਸ ਦੀ ਲੜਾਈ ਕਮਿਊਨਿਸਟ ਪਾਰਟੀਆਂ ਹੀ ਪਾਰਲੀਮੈਂਟ ਅੰਦਰ ਲੜ ਸਕਦੀਆਂ ਹਨ। ਇਸ ਲਈ ਪਾਰਲੀਮੈਂਟ ਵਿੱਚ ਕਮਿਊਨਿਸਟ ਪਾਰਟੀਆਂ ਦੀ ਤਾਕਤ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ।ਇਸ ਮੌਕੇ ਵਿਦਿਆਰਥੀ ਆਗੂ ਸੁਖਵਿੰਦਰ ਕੁਮਾਰ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਹਰਲਾਭ ਸਿੰਘ, ਬਿੰਦਰ ਸਿੰਘ, ਸੁਰਜੀਤ ਸਿੰਘ, ਗੁਰਬਚਨ ਸਿੰਘ, ਨਛੱਤਰ ਸਿੰਘ ਤੇ ਲਾਭ ਸਿੰਘ ਆਦਿ ਹਾਜ਼ਰ ਸਨ।