ਓਟਵਾ : ਕਾਲਜਾਂ ਦੇ ਜਾਲ੍ਹੀ ਦਸਤਾਵੇਜ਼ਾਂ ’ਤੇ ਸਟੱਡੀ ਵੀਜ਼ੇ ਲਗਵਾ ਕੇ 700 ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਵਾਲੇ ਧੋਖੇਬਾਜ਼ ਟਰੈਵਲ ਏਜੰਟ ਬਿ੍ਰਜੇਸ਼ ਮਿਸ਼ਰਾ ਨੂੰ ਵੈਨਕੂਵਰ ਦੀ ਅਦਾਲਤ ਨੇ ਇਮੀਗ੍ਰੇਸ਼ਨ ਅਪਰਾਧਾਂ ਲਈ ਦੋਸ਼ੀ ਕਰਾਰ ਦਿੰਦਿਆਂ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। 37 ਸਾਲਾ ਬਿ੍ਰਜੇਸ਼ ਮਿਸ਼ਰਾ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੀ ਜਾਂਚ ਤੋਂ ਬਾਅਦ ਗਿ੍ਰਫਤਾਰ ਕੀਤਾ ਗਿਆ ਸੀ। ਉਸ ਨੇ 2016 ਅਤੇ 2020 ਦੇ ਵਿਚਕਾਰ ਭਾਰਤ ਦੇ ਵਿਦਿਆਰਥੀਆਂ ਨੂੰ ਜਾਲ੍ਹੀ ਦਸਤਾਵੇਜ਼ ਲਗਾ ਕੇ ਕੈਨੇਡਾ ਭੇਜਿਆ ਸੀ। ਇਸ ’ਚ ਬਹੁਗਿਣਤੀ ਪੰਜਾਬੀਆਂ ਦੀ ਹੈ। ਮਿਸ਼ਰਾ ਨੇ ਅਦਾਲਤ ’ਚ ਕੈਨੇਡੀਅਨ ਇਮੀਗ੍ਰੇਸ਼ਨ ਦੇ ਕਈ ਅਪਰਾਧਾਂ ਲਈ ਮੁਆਫੀ ਮੰਗੀ। ਮਿਸ਼ਰਾ ਨੂੰ ਜੂਨ 2023 ਵਿਚ ਬਿ੍ਰਟਿਸ਼ ਕੋਲੰਬੀਆ ਦੇ ਸਰੀ ਵਿਚ ਗਿ੍ਰਫਤਾਰ ਕੀਤਾ ਗਿਆ ਸੀ। ਉਸ ਦੀ ਹਿਰਾਸਤ ਦੇ ਸਮੇਂ ਨੂੰ ਸਜ਼ਾ ਗਿਣਿਆ ਜਾਵੇਗਾ ਤੇ ਇਸ ਤਰ੍ਹਾਂ ਉਸ ਨੂੰ 19 ਮਹੀਨੇ ਹੋਰ ਜੇਲ੍ਹ ’ਚ ਰਹਿਣਾ ਪਵੇਗਾ। ਉਹ ਟੂਰਿਸਟ ਵੀਜ਼ੇ ’ਤੇ ਕੈਨੇਡਾ ਵਿਚ ਦਾਖਲ ਹੋਇਆ ਸੀ, ਜਿਸ ਦੀ ਮਿਆਦ ਉਸ ਦੀ ਗਿ੍ਰਫਤਾਰੀ ਦੇ ਸਮੇਂ ਖਤਮ ਹੋ ਚੁੱਕੀ ਸੀ। ਜਾਂਚ ਦੌਰਾਨ 12 ਪੀੜਤ ਸਾਹਮਣੇ ਆਏ। ਕੈਨੇਡਾ ’ਚ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਮਿਸ਼ਰਾ ਨੂੰ ਭਾਰਤ ਭੇਜੇ ਜਾਣ ਦੀ ਉਮੀਦ ਹੈ, ਜਿੱਥੇ ਉਸ ਨੂੰ ਮਨੁੱਖੀ ਤਸਕਰੀ ਦੇ ਅਪਰਾਧ ਸਮੇਤ ਹੋਰ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਦਾਲਤ ’ਚ ਕੋਈ ਵੀ ਪੀੜਤ ਜਾਂ ਉਨ੍ਹਾਂ ਦੇ ਪਰਵਾਰਕ ਮੈਂਬਰ ਮੌਜੂਦ ਨਹੀਂ ਸਨ।