ਮਾਲ ਗੱਡੀਆਂ ਦੀ ਟੱਕਰ ’ਚ ਦੋ ਡਰਾਈਵਰ ਗੰਭੀਰ ਜ਼ਖਮੀ

0
166

ਫਤਿਹਗੜ੍ਹ ਸਾਹਿਬ (ਪ੍ਰਮੋਦ ਭਾਰਦਵਾਜ)
ਐਤਵਾਰ ਤੜਕੇ ਨਿਊ ਸਰਹਿੰਦ ਸਟੇਸ਼ਨ ਵਿਖੇ 2 ਮਾਲ ਗੱਡੀਆਂ ਦੀ ਟੱਕਰ ’ਚ ਦੋ ਲੋਕੋ ਪਾਇਲਟ ਜ਼ਖਮੀ ਤੇ ਕੁਝ ਯਾਤਰੀ ਜ਼ਖਮੀ ਹੋ ਗਏ ਤੇ ਹੋਰ ਵਾਲ-ਵਾਲ ਬਚੇ। ਟੱਕਰ ਤੋਂ ਬਾਅਦ ਇਕ ਗੱਡੀ ਦਾ ਇੰਜਣ ਦੂਜੇ ਟਰੈਕ ’ਤੇ ਜਾ ਕੇ ਯਾਤਰੀ ਗੱਡੀ ਨਾਲ ਟਕਰਾਅ ਗਿਆ। ਲੋਕੋ ਪਾਇਲਟਾਂ ਦੀ ਪਛਾਣ ਸਹਾਰਨਪੁਰ ਦੇ 37 ਸਾਲਾ ਵਿਕਾਸ ਕੁਮਾਰ ਅਤੇ 31 ਸਾਲਾ ਹਿਮਾਂਸ਼ੂ ਕੁਮਾਰ ਵਜੋਂ ਹੋਈ ਹੈ। ਹਾਲਤ ਨਾਜ਼ੁਕ ਕਰਕੇ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰਨਾ ਪਿਆ। ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ’ਚ ਡਾਕਟਰ ਨੇ ਦੱਸਿਆ ਕਿ ਵਿਕਾਸ ਕੁਮਾਰ ਦੇ ਸਿਰ ’ਤੇ ਸੱਟ ਲੱਗੀ ਹੈ ਅਤੇ ਹਿਮਾਂਸ਼ੂ ਦੀ ਵੀ ਹਾਲਤ ਗੰਭੀਰ ਹੈ।
ਰੇਲਵੇ ਅਧਿਕਾਰੀਆਂ ਮੁਤਾਬਕ ਇਕ ਮਾਲ ਗੱਡੀ ਰੋਪੜ ਥਰਮਲ ਪਲਾਂਟ ਲਈ ਕੋਲਾ ਲੈ ਕੇ ਜਾ ਰਹੀ ਸੀ ਤੇ ਨਿਊ ਸਰਹਿੰਦ ਰੇਲਵੇ ਸਟੇਸ਼ਨ ’ਤੇ ਖੜ੍ਹੀ ਸੀ। ਇਸੇ ਦੌਰਾਨ ਕੋਲਾ ਲੈ ਕੇ ਆ ਰਹੀ ਇਕ ਹੋਰ ਮਾਲ ਗੱਡੀ ਉਸ ਵਿਚ ਪਿੱਛਿਓਂ ਆ ਵੱਜੀ। ਇਕ ਦਾ ਇੰਜਣ ਦੂਜੇ ਟਰੈਕ ’ਤੇ ਜਾ ਕੇ ਕਲਕੱਤਾ-ਜੰਮੂ ਤਵੀ ਹੋਲੀ ਡੇ ਸਪੈਸ਼ਲ ਟਰੇਨ (04681) ਵਿਚ ਜਾ ਵੱਜਾ। ਦੋਹਾਂ ਮਾਲ ਗੱਡੀਆਂ ਦੀਆਂ ਬੋਗੀਆਂ ਤੇ ਯਾਤਰੀ ਗੱਡੀ ਦਾ ਇੰਜਣ ਬੁਰੀ ਤਰ੍ਹਾਂ ਨੁਕਸਾਨੇ ਗਏ। ਲੋਕੋ ਪਾਇਲਟਾਂ ਨੂੰ ਤਾਕੀਆਂ ਦੇ ਸ਼ੀਸ਼ੇ ਤੋੜ ਕੇ ਕੱਢਿਆ ਗਿਆ। ਹਾਦਸੇ ਕਾਰਨ ਲੁਧਿਆਣਾ-ਅੰਬਾਲਾ ਰੂਟ ਦੀਆਂ 29 ਟਰੇਨਾਂ ਪ੍ਰਭਾਵਤ ਹੋਈਆਂ।
ਸੂਤਰਾਂ ਅਨੁਸਾਰ ਹੋਲੀ ਡੇ ਸਪੈਸ਼ਲ ਰੇਲ ਗੱਡੀ ਦੇ ਡਰਾਈਵਰ ਵੱਲੋਂ ਗੱਡੀ ਦੀ ਸਪੀਡ ਕਾਫੀ ਘੱਟ ਕਰ ਦਿੱਤੀ ਗਈ ਸੀ, ਜਿਸ ਕਾਰਨ ਰੇਲ ਗੱਡੀ ’ਚ ਸਵਾਰ ਯਾਤਰੀਆਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਹਾਲਾਂਕਿ ਜਦੋਂ ਡਰਾਇਵਰ ਨੇ ਟਰੈਕ ’ਤੇ ਅੜਿੱਕਾ ਦੇਖ ਕੇ ਰੇਲ ਗੱਡੀ ਦੀਆਂ ਐਮਰਜੈਂਸੀ ਬਰੇਕਾਂ ਲਗਾਈਆਂ ਤਾ ਝਟਕਾ ਲੱਗਣ ਕਾਰਨ ਸੁੱਤੇ ਪਏ ਰੇਲ ਯਾਤਰੀਆਂ ’ਚ ਚੀਕ-ਚਿਹਾੜਾ ਮਚ ਗਿਆ ਤੇ ਜ਼ਿਆਦਾਤਰ ਯਾਤਰੀ ਘਬਰਾ ਗਏ। ਰੇਲਵੇ ਦੇ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਹਾਦਸੇ ਕਾਰਨ ਹਾਵੜਾ-ਜੰਮੂ ਤਵੀ ਐੱਕਸਪ੍ਰੈੱਸ ਦਾ ਇੱਕ ਐੱਸ ਐੱਲ ਆਰ ਅਤੇ ਇੱਕ ਜਨਰਲ ਕੋਚ ਨੁਕਸਾਨੇ ਗਏ, ਜਿਨਾਂ ਨੂੰ ਗੱਡੀ ਤੋਂ ਵੱਖ ਕਰਕੇ ਰਾਜਪੁਰਾ-ਧੂਰੀ-ਲੁਧਿਆਣਾ ਰੇਲ ਮਾਰਗ ਰਾਹੀਂ ਅਤੇ ਚੰਡੀਗੜ੍ਹ-ਲੁਧਿਆਣਾ ਮਾਰਗ ਰਾਹੀਂ ਇਸ ਰੂਟ ’ਤੇ ਚੱਲਣ ਵਾਲੀ ਰੇਲ ਟ੍ਰੈਫਿਕ ਨੂੰ ਡਾਈਵਰਟ ਕਰ ਦਿੱਤਾ ਗਿਆ।
ਉੱਤਰੀ ਰੇਲਵੇ ਦੀ ਅੰਬਾਲਾ ਡਵੀਜ਼ਨ ਦੇ ਡੀ ਆਰ ਐੱਮ ਮਨਦੀਪ ਸਿੰਘ ਭਾਟੀਆ ਨੇ ਦੱਸਿਆ ਕਿ ਰਾਹਤ ਕਾਰਜ ਵੱਡੇ ਪੱਧਰ ’ਤੇ ਜਾਰੀ ਹਨ ਤੇ ਜਲਦੀ ਹੀ ਇਸ ਰੂਟ ’ਤੇ ਰੇਲ ਟ੍ਰੈਫਿਕ ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾ ਦੱਸਿਆ ਕਿ ਰੇਲਵੇ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here