ਗੁਹਾਟੀ : ਅਸਾਮ ’ਚ ਹੜ੍ਹਾਂ ਦੀ ਸਥਿਤੀ ’ਚ ਕੋਈ ਸੁਧਾਰ ਨਹੀਂ ਹੋਇਆ ਹੈ ਅਤੇ 10 ਜ਼ਿਲ੍ਹਿਆਂ ’ਚ ਛੇ ਲੱਖ ਤੋਂ ਵੱਧ ਲੋਕ ਅਜੇ ਵੀ ਪ੍ਰਭਾਵਤ ਹਨ। ਅਧਿਕਾਰੀਆਂ ਨੇ ਦੱਸਿਆ ਕਿ 28 ਮਈ ਤੋਂ ਹੁਣ ਤੱਕ ਹੜ੍ਹਾਂ ਅਤੇ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 15 ਹੋ ਚੁੱਕੀ ਹੈ। ਸੂਬੇ ਦੇ ਵੱਖ-ਵੱਖ ਇਲਾਕਿਆਂ ’ਚ ਭਾਰੀ ਮੀਂਹ ਕਾਰਨ ਨਦੀਆਂ ’ਚ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਨਾਲ ਕਈ ਖੇਤਰਾਂ ’ਚ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ। ਕੋਪਿਲੀ, ਬਰਾਕ ਅਤੇ ਕੁਸ਼ਿਆਰਾ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ। ਹੜ੍ਹ ਕਾਰਨ ਹੈਲਾਕਾਂਡੀ ਹੋਜਾਈ, ਮੋਰੀਗਾਓਂ, ਕਰੀਮਗੰਜ, ਨਾਗਾਓਂ, ਕਛਾਰ, ਡਿਬਰੂਗੜ੍ਹ, ਗੋਲਾਘਾਟ, ਕਾਰਬੀ ਆਂਗਲੌਂਗ ਪੱਛਮੀ ਅਤੇ ਦੀਮਾ ਹਸਾਓ ਜ਼ਿਲ੍ਹਿਆਂ ’ਚ 6,01,642 ਲੋਕ ਪ੍ਰਭਾਵਤ ਹੋਏ ਹਨ।