ਨਵੀਂ ਦਿੱਲੀ : ਦੇਸ਼ ’ਚ ਅੱਗ ਲੱਗਣ ਦੀਆਂ ਵੱਖ-ਵੱਖ ਘਟਨਾਵਾਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਅੱਤ ਦੀ ਗਰਮੀ ਅਤੇ ਲੂ ਕਾਰਨ ਪੈਦਾ ਹੋਈ ਸਥਿਤੀ ਦੀ ਸਮੀਖਿਆ ਕੀਤੀ ਅਤੇ ਹਸਪਤਾਲਾਂ ਤੇ ਹੋਰ ਜਨਤਕ ਥਾਵਾਂ ’ਤੇ ਸੁਰੱਖਿਆ ਪ੍ਰਬੰਧ ਦਰੁਸਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦਾ ਮਤਦਾਨ ਪੂਰਾ ਹੋਣ ਤੋਂ ਅਗਲੇ ਹੀ ਦਿਨ ਪ੍ਰਧਾਨ ਮੰਤਰੀ ਨੇ ਕਈ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। ਉਨ੍ਹਾ ਉੱਤਰ-ਪੂਰਬੀ ਸੂਬਿਆਂ ’ਚ ਚੱਕਰਵਾਤ ਰੇਮਲ ਕਾਰਨ ਪੈਦਾ ਹੋਏ ਹੜ੍ਹਾਂ ਵਾਲੇ ਹਾਲਾਤ ਦੀ ਸਮੀਖਿਆ ਕੀਤੀ ਅਤੇ ਅਗਲੀ ਸਰਕਾਰ ਦੇ 100 ਦਿਨਾਂ ਦੇ ਪ੍ਰੋਗਰਾਮ ਦੇ ਏਜੰਡੇ ਦੀ ਸਮੀਖਿਆ ਲਈ ਇਕ ਲੰਬੇ ਮੰਥਨ ਸੈਸ਼ਨ ’ਚ ਵੀ ਹਿੱਸਾ ਲਿਆ।



