ਨਵੀਂ ਦਿੱਲੀ : ਚੋਣ ਕਮਿਸ਼ਨ ਵੱਲੋਂ ਜੇਤੂ ਉਮੀਦਵਾਰਾਂ ਦੀ ਬੁੱਧਵਾਰ ਜਾਰੀ ਕੀਤੀ ਫਾਈਨਲ ਰਿਪੋਰਟ ਮੁਤਾਬਕ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਦੇ 291 ਉਮੀਦਵਾਰ ਜਿੱਤੇ ਹਨ। ਇਨ੍ਹਾਂ ਵਿੱਚੋਂ 240 ਭਾਜਪਾ ਦੇ ਹਨ ਤੇ ਉਸ ਨੂੰ 543 ਮੈਂਬਰੀ ਲੋਕ ਸਭਾ ਵਿਚ ਬਹੁਮਤ ਲਈ ਲੋੜੀਂਦੀਆਂ 272 ਸੀਟਾਂ ਤੋਂ 32 ਘੱਟ ਮਿਲੀਆਂ ਹਨ। ਭਾਜਪਾ ਤੋਂ ਇਲਾਵਾ ਐੱਨ ਡੀ ਏ ਵਿਚ ਸ਼ਾਮਲ ਤੇਲਗੂ ਦੇਸਮ ਦੇ 16, ਜਨਤਾ ਦਲ (ਯੂ) ਦੇ 12, ਸ਼ਿਵ ਸੈਨਾ ਸ਼ਿੰਦੇ ਦੇ 7, ਲੋਕ ਜਨ ਸ਼ਕਤੀ ਪਾਰਟੀ (ਰਾਮਵਿਲਾਸ) ਦੇ 5, ਜਨਤਾ ਦਲ ਸੈਕੂਲਰ ਦੇ 2, ਆਰ ਐੱਲ ਡੀ ਦੇ 2, ਏ ਜੀ ਪੀ, ਆਰ ਐੱਸ ਪੀ, ਅਪਨਾ ਦਲ ਸੋਨੇਲਾਲ, ਆਲ ਇੰਡੀਆ ਝਾਰਖੰਡ ਸਟੂਡੈਂਟਸ ਯੂਨੀਅਨ, ਐੱਨ ਸੀ ਪੀ, ਐੱਚ ਏ ਐੱਮ ਤੇ ਐੱਸ ਕੇ ਐੱਮ ਦੇ ਇਕ-ਇਕ ਉਮੀਦਵਾਰ ਜਿੱਤੇ ਹਨ।
ਕਾਂਗਰਸ ਨੇ 99 ਸੀਟਾਂ ਜਿੱਤੀਆਂ ਹਨ। 2014 ਵਿਚ ਇਸ ਨੇ 44 ਤੇ 2019 ਵਿਚ 52 ਜਿੱਤੀਆਂ ਸਨ। ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ਵਿਚ ਸ਼ਾਮਲ ਕਾਂਗਰਸ ਦੇ 99 ਉਮੀਦਵਾਰਾਂ ਤੋਂ ਇਲਾਵਾ ਸਮਾਜਵਾਦੀ ਪਾਰਟੀ ਦੇ 37, ਟੀ ਐੱਮ ਸੀ ਦੇ 29, ਡੀ ਐੱਮ ਕੇ ਦੇ 22, ਸ਼ਿਵ ਸੈਨਾ ਊਧਵ ਠਾਕਰੇ ਦੇ 9, ਐੱਨ ਸੀ ਪੀ ਸ਼ਰਦ ਪਵਾਰ ਦੇ 8, ਰਾਜਦ ਦੇ 4, ਸੀ ਪੀ ਆਈ (ਐੱਮ) ਦੇ 4, ਆਈ ਯੂ ਐੱਮ ਐੱਲ ਦੇ 3, ਆਮ ਆਦਮੀ ਪਾਰਟੀ ਦੇ 3, ਜੇ ਐੱਮ ਐੱਮ ਦੇ 3, ਸੀ ਪੀ ਆਈ (ਐੱਮ ਐੱਲ), ਸੀ ਪੀ ਆਈ ਤੇ ਜੇ ਕੇ ਐੱਨ ਸੀ ਦੇ 2-2, ਆਰ ਐੱਲ ਪੀ, ਬੀ ਏ ਪੀ ਤੇ ਵੀ ਸੀ ਕੇ ਦੇ ਇੱਕ-ਇਕ ਜਿੱਤੇ ਹਨ। 19 ਹੋਰ ਜੇਤੂ ਕਿਸੇ ਧੜੇ ਵਿਚ ਨਹੀਂ ਹਨ।


