ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਨੀਮ ਫੌਜੀ ਬਲ ਸੀ ਆਰ ਪੀ ਐੱਫ ਦੇ 85 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ 2,600 ਬਾਵਰਚੀਆਂ ਅਤੇ ਵਾਟਰ ਕੈਰੀਅਰਜ਼ ਨੂੰ ਤਰੱਕੀ ਦਿੱਤੀ ਗਈ ਹੈ। ਸੀ ਆਰ ਪੀ ਐੱਫ ਦੀ ਸਥਾਪਨਾ 1939 ’ਚ ਕੀਤੀ ਗਈ ਸੀ ਅਤੇ ਇਸ ’ਚ ਇਨ੍ਹਾਂ ਦੋ ਵਿਸ਼ੇਸ਼ ਸ਼੍ਰੇਣੀਆਂ ਦੇ 12,250 ਕਰਮਚਾਰੀ ਹਨ, ਜੋ ਫੋਰਸ ਦੇ ਲੱਗਭੱਗ 3.25 ਲੱਖ ਪੁਰਸ਼ ਅਤੇ ਮਹਿਲਾ ਕਰਮਚਾਰੀਆਂ ਲਈ ਰਸੋਈਆਂ, ਕੰਟੀਨਾਂ ਅਤੇ ਹੋਰ ਪ੍ਰਸ਼ਾਸਕੀ ਕਾਰਜਾਂ ਦੇ ਵਿਸ਼ਾਲ ਨੈੱਟਵਰਕ ਨੂੰ ਸੰਭਾਲਦੇ ਹਨ। ਹੁਕਮਾਂ ਰਾਹੀਂ 1700 ਬਾਵਰਚੀਆਂ ਅਤੇ 900 ਵਾਟਰ ਕੈਰੀਅਰਜ਼ ਨੂੰ ਉਨ੍ਹਾਂ ਦੇ ਕਾਂਸਟੇਬਲ ਦੇ ਅਹੁਦਿਆਂ ਤੋਂ ਤਰੱਕੀ ਦੇ ਕੇ ਹੈੱਡ ਕਾਂਸਟੇਬਲ ਬਣਾਇਆ ਗਿਆ ਹੈ।
ਕਾਰਤੀ ਚਿਦੰਬਰਮ ਨੂੰ ਰਾਹਤ
ਨਵੀਂ ਦਿੱਲੀ : ਇੱਥੋਂ ਦੀ ਅਦਾਲਤ ਨੇ ਕਥਿਤ ਚੀਨੀ ਵੀਜ਼ਾ ਘਪਲੇ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਕਾਂਗਰਸ ਨੇਤਾ ਕਾਰਤੀ ਚਿਦੰਬਰਮ ਨੂੰ ਜ਼ਮਾਨਤ ਦੇ ਦਿੱਤੀ ਹੈ। ਕਾਰਤੀ ਚਿਦੰਬਰਮ ਸੰਮਨ ਜਾਰੀ ਹੋਣ ਬਾਅਦ ਅਦਾਲਤ ’ਚ ਪੇਸ਼ ਹੋਇਆ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਉਸ ਨੂੰ ਰਾਹਤ ਦਿੰਦਿਆਂ 1 ਲੱਖ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਕਮ ਦੀ ਜ਼ਮਾਨਤ ’ਤੇ ਜ਼ਮਾਨਤ ਦੇ ਦਿੱਤੀ। ਈ ਡੀ ਨੇ 2011 ’ਚ 263 ਚੀਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ਨਾਲ ਸੰਬੰਧਤ ਕਥਿਤ ਘਪਲੇ ’ਚ ਕਾਰਤੀ ਚਿਦੰਬਰਮ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਉਸ ਸਮੇਂ ਉਸ ਦਾ ਪਿਤਾ ਪੀ ਚਿਦੰਬਰਮ ਕੇਂਦਰੀ ਗ੍ਰਹਿ ਮੰਤਰੀ ਸੀ।
ਵਿਦਿਆਰਥਣ ਵੱਲੋਂ ਖੁਦਕੁਸ਼ੀ
ਕੋਟਾ (ਰਾਜਸਥਾਨ) : ਕੌਮੀ ਯੋਗਤਾ-ਕਮ-ਦਾਖਲਾ ਟੈਸਟ-ਯੂ ਜੀ (ਐੱਨ ਈ ਈ ਟੀ-ਯੂ ਜੀ) ਦੇ ਨਤੀਜੇ ਐਲਾਨੇ ਜਾਣ ਤੋਂ ਇਕ ਦਿਨ ਬਾਅਦ ਕੋਟਾ ਵਿਚ 18 ਸਾਲਾ ਕੁੜੀ ਨੇ ਕਥਿਤ ਤੌਰ ’ਤੇ ਇਮਾਰਤ ਦੀ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੀ ਬਗੀਸਾ ਤਿਵਾੜੀ ਇਸੇ ਇਮਾਰਤ ਦੀ ਪੰਜਵੀਂ ਮੰਜ਼ਿਲ ’ਤੇ ਆਪਣੀ ਮਾਂ ਅਤੇ ਭਰਾ ਨਾਲ ਰਹਿੰਦੀ ਸੀ। ਉਹ ਕੋਟਾ ਦੀ ਕੋਚਿੰਗ ਸੰਸਥਾ ’ਚ ਨੀਟ-ਯੂ ਜੀ ਦੀ ਤਿਆਰੀ ਕਰ ਰਹੀ ਸੀ।
ਤਿਹਾੜ ਜੇਲ੍ਹ ’ਚ ਲੜਾਈ
ਨਵੀਂ ਦਿੱਲੀ : ਤਿਹਾੜ ਜੇਲ੍ਹ ’ਚ ਵਿਰੋਧੀ ਗਰੋਹਾਂ ਦੇ ਮੈਂਬਰਾਂ ਵਿਚਾਲੇ ਲੜਾਈ ਵਿਚ ਇਕ ਜ਼ੇਰੇ ਸਮਾਇਤ ਹਵਾਲਾਤੀ ਚਾਕੂ ਲੱਗਣ ਕਾਰਨ ਜ਼ਖਮੀ ਹੋ ਗਿਆ। ਹਿਤੇਸ਼ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਗੋਗੀ ਗੈਂਗ ਦੇ ਮੈਂਬਰ ਹਿਤੇਸ਼ ਅਤੇ ਟਿੱਲੂ ਤਾਜਪੁਰੀਆ ਗੈਂਗ ਦੇ ਦੋ ਹੋਰ ਮੈਂਬਰਾਂ ਵਿਚਾਲੇ ਜੇਲ੍ਹ ਅੰਦਰ ਲੜਾਈ ਹੋਈ।
ਲਾਡੀ ਸ਼ੇਰੋਵਾਲੀਆ ਦੇ ਭਤੀਜੇ ਦੀ ਕੈਨੇਡਾ ’ਚ ਮੌਤ
ਜਲੰਧਰ (ਬਲਵਿੰਦਰ ਕੁਮਾਰ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਭਤੀਜੇ ਤੇ ਸੀਨੀਅਰ ਕਾਂਗਰਸੀ ਆਗੂ ਅਜਮੇਰ ਸਿੰਘ ਖਹਿਰਾ ਦੇ ਪੁੱਤਰ ਜਸਮੇਰ ਸਿੰਘ (36) ਦੀ ਕੈਨੇਡਾ ’ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪਰਵਾਰਕ ਮੈਂਬਰ ਤੇ ਕਾਂਗਰਸੀ ਆਗੂ ਅਸਵਿੰਦਰ ਪਾਲ ਸਿੰਘ ਨੀਟੂ ਨੇ ਦੱਸਿਆ ਕਿ ਜਸਮੇਰ ਸਿੰਘ ਦੀ ਮਿ੍ਰਤਕ ਦੇਹ ਭਾਰਤ ਲਿਆਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।




