ਲਖਨਊ : ਯੂ ਪੀ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ 2014 ਵਾਂਗ ਕੋਈ ਵੀ ਸੀਟ ਨਹੀਂ ਮਿਲੀ ਤੇ ਯੂ ਪੀ ’ਚ ਉਸ ਦਾ ਵੋਟ ਸ਼ੇਅਰ ਵੀ 2014 ਦੇ 19.77 ਫੀਸਦੀ ਤੋਂ ਘਟ ਕੇ 10 ਫੀਸਦੀ ਤੋਂ ਵੀ ਥੱਲੇ ਆ ਗਿਆ, ਪਰ ਉਸ ਦੇ ਕਾਰਨ ਭਾਜਪਾ ਨੂੰ ਬਹੁਤ ਫਾਇਦਾ ਹੋਇਆ। ਜੇ ਬਸਪਾ ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦਾ ਹਿੱਸਾ ਬਣਦੀ ਤਾਂ ਭਾਜਪਾ ਦੇ 16 ਉਮੀਦਵਾਰ ਸ਼ਾਇਦ ਨਾ ਜਿੱਤਦੇ। ਇਨ੍ਹਾਂ 16 ਸੀਟਾਂਅਕਬਰਪੁਰ, ਅਲੀਗੜ੍ਹ, ਅਮਰੋਹਾ, ਬਾਂਸਗਾਓਂ, ਭਦੋਹੀ, ਬਿਜਨੌਰ, ਦਿਓਰੀਆ, ਫਰੂਖਾਬਾਦ, ਫਤਿਹਪੁਰ ਸੀਕਰੀ, ਹਰਦੋਈ, ਮੇਰਠ, ਮਿਰਜ਼ਾਪੁਰ, ਮਿਸਰਿਖ, ਫੂਲਪੁਰ, ਸ਼ਾਹਜਹਾਂਪੁਰ ਤੇ ਉਨਾਓ ਵਿੱਚੋਂ 14 ਸੀਟਾਂ ਭਾਜਪਾ ਤੇ ਦੋ ਇਸ ਦੇ ਇਤਿਹਾਦੀਆਂ ਰਾਸ਼ਟਰੀ ਲੋਕ ਦਲ ਤੇ ਅਪਨਾ ਦਲ (ਸੋਨੇਵਾਲ) ਦੇ ਝੋਲੀ ਪਈਆਂ। ਇਨ੍ਹਾਂ ਉਮੀਦਵਾਰਾਂ ਦੀ ਜਿੱਤ ਦਾ ਫਰਕ ਬਸਪਾ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਨਾਲੋਂ ਘੱਟ ਰਿਹਾ। ਜੇ ਇਹ ਸੀਟਾਂ ‘ਇੰਡੀਆ’ ਨੂੰ ਮਿਲ ਜਾਂਦੀਆਂ ਤਾਂ ਕਹਾਣੀ ਹੋਰ ਬਣ ਜਾਣੀ ਸੀ।
ਐੱਨ ਡੀ ਏ ਦੀਆਂ ਸੀਟਾਂ ਘਟ ਕੇ 278 ’ਤੇ ਆ ਜਾਣੀਆਂ ਸਨ ਤੇ ਭਾਜਪਾ ਦੀਆਂ 226 ਰਹਿ ਜਾਣੀਆਂ ਸਨ। ਬਸਪਾ ਦੇ ਇੰਡੀਆ ਨਾਲ ਨਾ ਰਲਣ ਕਰਕੇ ਭਾਜਪਾ ਨੇ ਯੂ ਪੀ ਤੋਂ 33 ਸੀਟਾਂ ਜਿੱਤੀਆਂ ਤੇ ਇਹ ਘਟ ਕੇ 19 ’ਤੇ ਆ ਸਕਦੀਆਂ ਸਨ। 2019 ਵਿਚ ਭਾਜਪਾ ਨੇ 62 ਸੀਟਾਂ ਜਿੱਤੀਆਂ ਸਨ।


