ਨਵੀਂ ਦਿੱਲੀ : ਲੋਕ ਸਭਾ ਚੋਣਾਂ ਵਿਚ ਇਕ ਸੀਟ ਜਿੱਤਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਗਠਜੋੜ ਇੰਡੀਆ ਨੂੰ ਸਮਰਥਨ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ਅਜਿਹੇ ਕਿਸੇ ਗੱਠਜੋੜ ਦਾ ਹਿੱਸਾ ਨਹੀਂ ਬਣੇਗਾ, ਜਿਸ ਵਿੱਚ ਕਾਂਗਰਸ ਹੋਵੇ। ਅਕਾਲੀ ਦਲ ਦੇ ਨੇਤਾ ਨਰੇਸ਼ ਗੁਜਰਾਲ ਨੇ ਵੀਰਵਾਰ ਕਿਹਾ-ਅਸੀਂ ਕਦੇ ਵੀ ਕਿਸੇ ਅਜਿਹੇ ਸਮੂਹ ਜਾਂ ਗਠਜੋੜ ਦਾ ਹਿੱਸਾ ਨਹੀਂ ਬਣ ਸਕਦੇ, ਜਿਸ ’ਚ ਕਾਂਗਰਸ ਦੀ ਸ਼ਮੂਲੀਅਤ ਹੋਵੇ। ਅਪਰੇਸ਼ਨ ਬਲੂ ਸਟਾਰ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੱਦੇਨਜ਼ਰ ਇਹ ਦਲ ਦਾ ਸਿਧਾਂਤਕ ਫੈਸਲਾ ਹੈ। ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨੂੰ ਸਮਰਥਨ ਦੇਣ ਬਾਰੇ ਗੁਜਰਾਲ ਨੇ ਕਿਹਾ-ਇਸ ਲਈ ਭਾਜਪਾ ਨੂੰ ਪਹਿਲਾ ਕਦਮ ਚੁੱਕਣਾ ਪਵੇਗਾ। ਜੇ ਸਾਨੂੰ ਭਾਜਪਾ ਵੱਲੋਂ ਕੋਈ ਸੱਦਾ ਆਉਂਦਾ ਹੈ ਤਾਂ ਸਾਡੀ ਕੋਰ ਕਮੇਟੀ ਫੈਸਲਾ ਕਰੇਗੀ ਪਰ ਇੰਡੀਆ ਗੱਠਜੋੜ ਨੂੰ ਸਮਰਥਨ ਦਾ ਸਵਾਲ ਹੀ ਨਹੀਂ।


