ਚੰਡੀਗੜ੍ਹ : ਹਿਮਾਚਲ ਦੇ ਮੰਡੀ ਹਲਕੇ ਤੋਂ ਲੋਕ ਸਭਾ ਲਈ ਚੁਣੀ ਗਈ ਅਦਾਕਾਰਾ ਕੰਗਣਾ ਰਣੌਤ ਦੇ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਦਾ ਜਹਾਜ਼ ਫੜਨ ਵੇਲੇ ਥੱਪੜ ਕਾਂਡ ਵਾਪਰ ਗਿਆ। ਕੰਗਣਾ ਨੇ ਘਟਨਾ ਦੀ ਵੀਡੀਓ ਜਾਰੀ ਕਰਦਿਆਂ ਕਿਹਾਨਮਸਤੇ ਦੋਸਤੋ। ਮੈਨੂੰ ਮੀਡੀਆ ਤੇ ਸ਼ੁਭਚਿੰਤਕਾਂ ਤੋਂ ਫੋਨ ਆ ਰਹੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਸਲਾਮਤ ਹਾਂ। ਚੰਡੀਗੜ੍ਹ ਏਅਰਪੋਰਟ ’ਤੇ ਸਕਿਉਰਟੀ ਚੈਕ ਵੇਲੇ ਘਟਨਾ ਵਾਪਰੀ। ਸਕਿਉਰਟੀ ਚੈਕ ਤੋਂ ਬਾਅਦ ਮੈਂ ਸੀ ਆਈ ਐੱਸ ਐੱਫ ਦੀ ਜਵਾਨ ਕੋਲੋਂ ਲੰਘ ਰਹੀ ਸੀ ਤਾਂ ਉਸ ਨੇ ਮੇਰੇ ਥੱਪੜ ਮਾਰ ਦਿੱਤਾ। ਗਾਲਾਂ ਵੀ ਕੱਢੀਆਂ। ਜਦੋਂ ਮੈਂ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਕਿਸਾਨ ਪ੍ਰੋਟੈੱਸਟ ਦੀ ਹਮਾਇਤਣ ਹੈ।
ਕੰਗਣਾ ਨੇ ਆਪਣਾ ਪੱਖ ਦੱਸਣ ਦੇ ਨਾਲ ਹੀ ਇਹ ਵੀ ਕਿਹਾਮੈਂ ਸਲਾਮਤ ਹਾਂ ਪਰ ਮੇਰੀ ਚਿੰਤਾ ਇਹ ਹੈ ਕਿ ਤੁਸੀਂ ਪੰਜਾਬ ਵਿਚ ਵਧ ਰਹੇ ਦਹਿਸ਼ਤਵਾਦ ਤੇ ਅੱਤਵਾਦ ਨਾਲ ਕਿਵੇਂ ਨਜਿੱਠੋਗੇ?
ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਕੰਗਣਾ ਨੇ ਸਕਿਉਰਟੀ ਚੈਕ ਲਈ ਫੋਨ ਟਰੇਅ ਵਿਚ ਰੱਖਣ ਦੀ ਥਾਂ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਪਰ੍ਹੇ ਧੱਕਿਆ ਤੇ ਉਸ ਨੇ ਜਵਾਬ ਵਿਚ ਥੱਪੜ ਮਾਰ ਦਿੱਤਾ।
ਏਅਰਪੋਰਟ ਦੇ ਅਧਿਕਾਰੀਆਂ ਮੁਤਾਬਕ ਮਹਿਲਾ ਜਵਾਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਉਸ ਖਿਲਾਫ ਐੱਫ ਆਈ ਆਰ ਦਰਜ ਕਰਾ ਦਿੱਤੀ ਗਈ ਹੈ। ਇਸੇ ਦੌਰਾਨ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਮਹਿਲਾ ਕਾਂਸਟੇਬਲ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਸਾਹਮਣੇ ਆਈ ਇਕ ਹੋਰ ਵੀਡੀਓ ਵਿਚ ਕੁਲਵਿੰਦਰ ਕੌਰ ਇਹ ਕਹਿੰਦੀ ਸੁਣੀ ਜਾ ਰਹੀ ਹੈ ਕਿ ਉਸ ਦੀ ਮਾਂ ਉਸ ਕਿਸਾਨ ਪ੍ਰੋਟੈੱਸਟ ਵਿਚ ਸ਼ਾਮਲ ਸੀ, ਜਿਸ ਬਾਰੇ ਕੰਗਣਾ ਨੇ ਕਿਹਾ ਸੀ ਕਿ ਅਜਿਹੀਆਂ ਮਹਿਲਾਵਾਂ ਸੌ-ਸੌ ਰੁਪਏ ਲੈ ਕੇ ਧਰਨੇ ਵਿਚ ਆ ਰਹੀਆਂ ਹਨ।





