ਜਲੰਧਰ (ਕੇਸਰ)-ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ਅੱਜ ਲੋਕਾਂ ਦੇ ਮਹਿਬੂਬ ਕਵੀ ਸੁਰਜੀਤ ਪਾਤਰ, ਲੋਕ-ਪੱਖੀ ਗਾਇਕ ਕੁਲਦੀਪ ਜਲੂਰ, ਮੋਹਨਜੀਤ, ਹਰਬੰਸ ਹੀਉਂ, ਇੰਦਰਜੀਤ ਕੁਰੜ, ਸੁਖਜੀਤ, ਬਲਬੀਰ ਬਾਸੀ ਸਮੇਤ ਬੀਤੇ ਦਿਨੀਂ ਵਿਛੜੇ ਸਮੂਹ ਲੇਖਕਾਂ, ਸੰਘਰਸ਼ਸ਼ੀਲ ਲੋਕਾਂ ਅਤੇ ਫ਼ਲਸਤੀਨ ਅੰਦਰ ਨਸਲਘਾਤ ਦਾ ਸ਼ਿਕਾਰ ਹੋ ਰਹੇ ਪਰਵਾਰਾਂ ਨੂੰ ਖੜ੍ਹੇ ਹੋ ਕੇ ਸ਼ਰਧਾਂਜ਼ਲੀ ਭੇਟ ਕਰਨ ਨਾਲ ਹੋਈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਮੀਟਿੰਗ ’ਚ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਤੋਂ ਇਲਾਵਾ ਮੀਟਿੰਗ ’ਚ ਹਾਜ਼ਰ ਸਮੂਹ ਕਮੇਟੀ ਮੈਂਬਰਾਂ ਨੇ ਗੰਭੀਰ ਵਿਚਾਰਾਂ ਕਰਕੇ ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਅਤੇ ਬਾਹਰ ਇਤਿਹਾਸ, ਸਾਹਿਤ, ਸੱਭਿਆਚਾਰ, ਸਮਾਜਕ ਸਰੋਕਾਰਾਂ ਅਤੇ ਵਿਗਿਆਨਕ ਵਿਚਾਰਾਂ ਬਾਰੇ ਵੰਨ-ਸੁਵੰਨੇ ਢੁਕਵੇਂ ਰੂਪਾਂ ਵਿੱਚ ਸਰਗਰਮੀਆਂ ’ਚ ਹੋਰ ਵੀ ਨਿਰੰਤਰਤਾ ਲਿਆਉਣ ਲਈ ਵਿਸ਼ੇਸ਼ ਉੱਦਮ ਜੁਟਾਉਣ ਲਈ ਵਿਚਾਰ-ਚਰਚਾ ਕਰਨ ਉਪਰੰਤ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਫੈਸਲਾ ਕੀਤਾ। ਝੋਨੇ ਦੇ ਕੰਮਕਾਰ ’ਚ ਜੁਟੇ ਨੌਜਵਾਨਾਂ ਦਾ ਧਿਆਨ ਰੱਖਦੇ ਹੋਏ ਸਿਖਿਆਰਥੀ ਚੇਤਨਾ ਕੈਂਪ ਅਗਸਤ ਮਹੀਨੇ ਵਿੱਚ ਵੱਖ-ਵੱਖ ਵਿਸ਼ਿਆਂ ’ਤੇ ਕਰਨ ਦਾ ਫੈਸਲਾ ਹੋਇਆ।
ਦੇਸ਼ ਭਗਤ ਯਾਦਗਾਰ ਹਾਲ ਦੇ ਮੁੱਖ ਦੁਆਰ ਲਾਗੇ ਸ਼ਹੀਦ ਊਧਮ ਸਿੰਘ ਵੈੱਲਫੇਅਰ ਟਰੱਸਟ ਅਤੇ ਸੈਂਟਰ ਬਰਮਿੰਘਮ ਦੇ ਸਹਿਯੋਗ ਨਾਲ ਬਣਾਏ ਪਾਰਕ ਵਿੱਚ ਲਾਈਟ, ਸਾਊਂਡ ਅਤੇ ਕਿਤਾਬਾਂ ਦੇ ਆਲ੍ਹਣੇ ਬਣਾ ਕੇ ਲੋਕਾਂ ਨੂੰ ਹਾਲ ਦੀ ਲਾਇਬ੍ਰੇਰੀ, ਮਿਊਜ਼ੀਅਮ ਅਤੇ ਪੁਸਤਕ ਸੱਭਿਆਚਾਰ ਵੱਲ ਆਕਰਸ਼ਤ ਕਰਨ ਦਾ ਫੈਸਲਾ ਵੀ ਕੀਤਾ ਗਿਆ। ਦੇਸ਼ ਭਗਤ ਯਾਦਗਾਰ ਹਾਲ ਦੇ ਰੀਡਿੰਗ ਰੂਮ, ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਵਿੱਚ ਲੋੜੀਂਦੇ ਕਾਰਜ ਨੇਪਰੇ ਚਾੜ੍ਹਨ ਦਾ ਵੀ ਫੈਸਲਾ ਕੀਤਾ ਗਿਆ। ਕਮੇਟੀ ਦੀਆਂ ਸਬ-ਕਮੇਟੀਆਂ, ਸੱਭਿਆਚਾਰਕ ਵਿੰਗ, ਇਤਿਹਾਸ ਕਮੇਟੀ, ਮਿਊਜ਼ੀਅਮ ਕਮੇਟੀ, ਲਾਇਬੇ੍ਰਰੀ ਕਮੇਟੀ, ਦੇਖ-ਰੇਖ ਕਮੇਟੀ ਅਤੇ ਵਿੱਤ ਕਮੇਟੀ ਦੀਆਂ ਨਿਰੰਤਰ ਮੀਟਿੰਗਾਂ ਕਰਨ ਅਤੇ ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਉਪਰ ਕਮੇਟੀ ਦੀਆਂ ਸਰਗਰਮੀਆਂ, ਉਪਲੱਭਧੀਆਂ ਅਤੇ ਸਮਾਜ ਨਾਲ ਜੁੜੇ ਸੁਆਲਾਂ ਨੂੰ ਕਮੇਟੀ ਵੱਲੋਂ ਮੁਖ਼ਾਤਖ ਹੁੰਦੇ ਹੋਏ ਉਭਾਰਨ, ਪ੍ਰਚਾਰਨ ਅਤੇ ਹਰਮਨਪਿਆਰਾ ਬਣਾਉਣ ਲਈ ਵਿਸ਼ੇਸ਼ ਯਤਨ ਜੁਟਾਉਣ ਦਾ ਫੈਸਲਾ ਲਿਆ ਗਿਆ।