ਭੂਪਾਲ : ਮੱਧ ਪ੍ਰਦੇਸ਼ ਹਾਈ ਕੋਰਟ ਤੋਂ ‘ਯੂ ਪੀ ਬਿਹਾਰ ਮੇਂ ਕਾ ਬਾ’ ਵਾਲੇ ਗੀਤ ਨਾਲ ਚਰਚਾ ’ਚ ਆਈ ਭੋਜਪੁਰੀ ਗਾਇਕਾ ਨੇਹਾ ਸਿੰਘ ਰਾਠੌਰ ਨੂੰ ਝਟਕਾ ਲੱਗਾ ਹੈ। ਹਾਈ ਕੋਰਟ ਨੇ ਨੇਹਾ ਸਿੰਘ ਖਿਲਾਫ਼ ਦਰਜ ਉਸ ਅਪਰਾਧਿਕ ਮਾਮਲੇ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ’ਚ ਸੀਡੀ ’ਚ ਇੱਕ ਵਿਅਕਤੀ ਆਦਿਵਾਸੀ ਮਜ਼ਦੂਰ ’ਤੇ ਪੇਸ਼ਾਬ ਕਰਦੇ ਹੋਏ ਦਿਖਾਈ ਦੇ ਰਿਹਾ ਸੀ। ਅਦਾਲਤ ਨੇ ਕਿਹਾ ਕਿ ਵਿਅਕਤੀ ਦੀ ਆਜ਼ਾਦੀ ਦਾ ਮੌਲਿਕ ਅਧਿਕਾਰ ਪੂਰਨ ਅਧਿਕਾਰ ਨਹੀਂ, ਬਲਕਿ ਇਸ ’ਤੇ ਵਾਜਬ ਪਾਬੰਦੀਆਂ ਹਨ। ਜਸਟਿਸ ਗੁਰਪਾਲ ਸਿੰਘ ਆਹਲੂਵਾਲੀਆ ਨੇ ਪੁੱਛਿਆ ਕਿ ਨੇਹਾ ਸਿੰਘ ਰਾਠੌਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਕਾਰਟੂਨ ’ਚ ਆਰ ਐੱਸ ਐੱਸ ਦੀ ਖਾਕੀ ਨਿੱਕਰ ਦਾ ਜਿਕਰ ਕਰਦੇ ਹੋਏ ਇੱਕ ‘ਵਿਸ਼ੇਸ਼ ਵਿਚਾਰਧਾਰਾ’ ਦੀ ਡਰੈੱਸ ਕਿਉਂ ਜੋੜੀ, ਜਦਕਿ ਆਦਿਵਾਸੀ ਵਿਅਕਤੀ ਉਪਰ ਪੇਸ਼ਾਬ ਕਰਨ ਦੀ ਦੋਸ਼ੀ ਨੇ ਉਹ ਡਰੈੱਸ ਨਹੀਂ ਪਾਈ ਸੀ। ਬਾਰ ਐਂਡ ਬੈਂਚ ਦੀ ਰਿਪੋਰਟ ਅਨੁਸਾਰ ਹਾਈਕੋਰਟ ਨੇ ਕਿਹਾ, ਕਿਉਂਕਿ ਪਟੀਸ਼ਨਕਰਤਾ (ਨੇਹਾ) ਵੱਲੋਂ ਆਪਣੇ ਟਵਿਟਰ ਅਤੇ ਇੰਸਟਾਗ੍ਰਾਮ ’ਤੇ ਅਪਲੋਡ ਕੀਤਾ ਗਿਆ ਕਾਰਟੂਨ ਉਸ ਘਟਨਾ ਦੇ ਅਨੁਰੂਪ ਨਹੀਂ ਸੀ, ਜੋ ਹੋਈ ਸੀ। ਬਿਨੈਕਾਰ ਦੁਆਰਾ ਆਪਣੀ ਮਰਜ਼ੀ ਨਾਲ ਕੁਝ ਹੋਰ ਗੱਲਾਂ ਜੋੜੀਆਂ ਗਈਆਂ ਸਨ। ਇਸ ਲਈ ਅਦਾਲਤ ਇਸ ਗੱਲ ’ਤੇ ਵਿਚਾਰ ਕਰ ਰਹੀ ਹੈ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਬਿਨੈਕਾਰ ਨੇ ਵਿਅਕਤੀ ਦੀ ਆਜ਼ਾਦੀ ਦੇ ਆਪਣੇ ਮੌਲਿਕ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਕਾਰਟੂਨ ਅਪਲੋਡ ਕੀਤਾ ਸੀ। ਜਸਟਿਸ ਆਹਲੂਵਾਲੀਆ ਨੇ ਕਿਹਾ ਕਿ ਹਾਲਾਂਕਿ ਇੱਕ ਕਲਾਕਾਰ ਨੂੰ ਵਿਅੰਗ ਜ਼ਰੀਏ ਆਲੋਚਨਾ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਪਰ ਕਾਰਟੂਨ ’ਚ ਕਿਸੇ ਵਿਸ਼ੇਸ਼ ਡਰੈੱਸ ਨੂੰ ਜੋੜਨਾ ਵਿਅੰਗ ਨਹੀਂ ਕਿਹਾ ਜਾ ਸਕਦਾ। ਬਿਨੈਕਾਰ ਦੀ ਕੋਸ਼ਿਸ਼ ਬਿਨਾਂ ਕਿਸੇ ਅਧਾਰ ’ਤੇ ਕਿਸੇ ਵਿਸ਼ੇਸ਼ ਵਿਚਾਰਧਾਰਾ ਦੇ ਸਮੂਹ ਨੂੰ ਸ਼ਾਮਲ ਕਰਨਾ ਸੀ।