ਜੰਮੂ : ਰਿਆਸੀ ਜ਼ਿਲ੍ਹੇ ’ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ’ਤੇ ਐਤਵਾਰ ਹੋਏ ਹਮਲੇ ’ਚ ਜਾਨ ਗੁਆਉਣ ਵਾਲੇ 9 ਵਿਅਕਤੀਆਂ ’ਚੋਂ ਚਾਰ ਰਾਜਸਥਾਨ ਦੇ ਰਹਿਣ ਵਾਲੇ ਸਨ, ਜਿਨ੍ਹਾਂ ’ਚ ਦੋ ਸਾਲ ਦਾ ਟੀਟੂ ਸਾਹਨੀ ਤੇ ਉਸ ਦੀ ਮਾਂ ਪੂਜਾ ਸ਼ਾਮਲ ਸਨ, ਜਦਕਿ ਤਿੰਨ ਯੂ ਪੀ ਦੇ ਰਹਿਣ ਵਾਲੇ ਸਨ। ਹਮਲੇ ’ਚ ਜ਼ਖਮੀ ਹੋਏ 41 ਸ਼ਰਧਾਲੂਆਂ ’ਚੋਂ 10 ਨੂੰ ਗੋਲੀ ਲੱਗੀ। ਜ਼ਖਮੀਆਂ ’ਚ ਜ਼ਿਆਦਾਤਰ ਯੂ ਪੀ ਦੇ ਰਹਿਣ ਵਾਲੇ ਹਨ। ਬੱਸ ਦਾ ਡਰਾਈਵਰ ਵਿਜੈ ਕੁਮਾਰ ਦਸਾਨੂ ਰਾਜਬਾਗ, ਜਦਕਿ ਕੰਡਕਟਰ ਅਰੁਣ ਕੁਮਾਰ ਕਟੜਾ ਦੇ ਪਿੰਡ ਕੰਡੇਰਾ ਦਾ ਰਹਿਣ ਵਾਲਾ ਸੀ। ਦੋਵੇਂ ਰਿਆਸੀ ਜ਼ਿਲ੍ਹੇ ਦੇ ਸਨ। ਹਮਲੇ ’ਚ ਬਚੇ ਲੋਕਾਂ ਨੇ ਅਧਿਕਾਰੀਆਂ ਅਤੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਬੱਸ ਡੂੰਘੀ ਖੱਡ ’ਚ ਡਿੱਗਣ ਤੋਂ ਬਾਅਦ ਵੀ ਦਹਿਸ਼ਤਗਰਦ ਉਨ੍ਹਾਂ ’ਤੇ ਗੋਲੀਬਾਰੀ ਕਰਦੇ ਰਹੇ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦ ਬੱਸ ਵਿਚ ਸਵਾਰ ਹਰ ਵਿਅਕਤੀ ਨੂੰ ਮਾਰਨਾ ਚਾਹੁੰਦੇ ਸਨ। ਅਧਿਕਾਰੀਆਂ ਮੁਤਾਬਕ ਦਹਿਸ਼ਤਗਰਦਾਂ ਨੇ ਬੱਸ ’ਤੇ ਇਕ ਤੋਂ ਜ਼ਿਆਦਾ ਦਿਸ਼ਾਵਾਂ ਤੋਂ ਗੋਲੀਬਾਰੀ ਕੀਤੀ। ਗੱਡੀ ਦੇ ਡਰਾਈਵਰ ਨੂੰ ਗੋਲੀ ਲੱਗਣ ਕਾਰਨ ਬੱਸ ਖੱਡ ’ਚ ਜਾ ਡਿੱਗੀ। ਇਕ ਸ਼ਰਧਾਲੂ ਨੇ ਦੱਸਿਆ ਕਿ ਬੱਸ ’ਤੇ ਗੋਲੀਬਾਰੀ ਕਰੀਬ 20 ਮਿੰਟ ਤੱਕ ਕੀਤੀ ਗਈ। ਇਸੇ ਦੌਰਾਨ ਦਹਿਸ਼ਤਗਰਦਾਂ ਨੂੰ ਫੜਨ ਲਈ ਫੌਜ, ਪੁਲਸ ਅਤੇ ਸੀ ਆਰ ਪੀ ਐੱਫ ਤੇ ਹੋਰਨਾਂ ਸੁਰੱਖਿਆ ਬਲਾਂ ਨੇ ਰਾਜੌਰੀ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਖੇਤਰ ਨੂੰ ਘੇਰ ਲਿਆ ਹੈ। ਡਰੋਨ ਅਤੇ ਸੂਹੀਆ ਕੁੱਤਿਆਂ ਸਮੇਤ ਨਿਗਰਾਨੀ ਉਪਕਰਣਾਂ ਨਾਲ ਲੈਸ ਸੁਰੱਖਿਆ ਬਲਾਂ ਨੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ। ਦਹਿਸ਼ਤਗਰਦਾਂ ਦੇ ਰਾਜੌਰੀ ਅਤੇ ਰਿਆਸੀ ਦੇ ਉਪਰਲੇ ਇਲਾਕਿਆਂ ’ਚ ਲੁਕੇ ਹੋਣ ਦਾ ਸ਼ੱਕ ਹੈ। ਇਸ ਖੇਤਰ ’ਚ ਸੰਘਣੇ ਜੰਗਲ ਅਤੇ ਡੂੰਘੀਆਂ ਖੱਡਾਂ ਹਨ।
ਸੁਰੱਖਿਆ ਬਲਾਂ ਨੂੰ ਸ਼ੱਕ ਹੈ ਕਿ ਹਮਲਾ ਲਸ਼ਕਰ-ਏ-ਤਈਬਾ ਦੇ ਤਿੰਨ ਵਿਦੇਸ਼ੀ ਦਹਿਸ਼ਤਗਰਦਾਂ ਨੇ ਕੀਤਾ ਹੈ। ਅਧਿਕਾਰੀ ਇਸ ਸੰਭਾਵਨਾ ਨੂੰ ਵੀ ਰੱਦ ਨਹੀਂ ਕਰ ਰਹੇ ਕਿ ਉਨ੍ਹਾਂ ਦਾ ਇਕ ਹੋਰ ਵਿਅਕਤੀ ਉਨ੍ਹਾਂ ਦੀ ਮਦਦ ਲਈ ਪਹਿਲਾਂ ਹੀ ਹਮਲੇ ਵਾਲੀ ਥਾਂ ਮੌਜੂਦ ਸੀ।