32.7 C
Jalandhar
Saturday, July 27, 2024
spot_img

ਸੁਨਾਮ ਦੀ ਖਾਧ ਪਦਾਰਥ ਬਣਾਉਣ ਵਾਲੀ ਫੈਕਟਰੀ ਦੇ ਗੋਦਾਮ ਸੀਲ

ਸੁਨਾਮ, ਊਧਮ ਸਿੰਘ ਵਾਲਾ/ਸੰਗਰੂਰ
(ਅਸ਼ੋਕ ਬਾਂਸਲ, ਹਾਕਮ ਭੱਟੀ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬੇ ਅੰਦਰ ਖੁਰਾਕੀ ਵਸਤਾਂ ’ਚ ਮਿਲਾਵਟਖੋਰੀ ਨੂੰ ਸਖ਼ਤੀ ਨਾਲ ਰੋਕਣ ਲਈ ਵਿੱਢੀ ਮੁਹਿੰਮ ਤਹਿਤ ਸਿਹਤ ਵਿਭਾਗ ਸੰਗਰੂਰ ਦੀ ਟੀਮ ਵੱਲੋਂ ਸੋਮਵਾਰ ਸੁਨਾਮ ਊਧਮ ਸਿੰਘ ਵਾਲਾ ਨੇੜਲੇ ਪਿੰਡ ਜਗਤਪੁਰਾ ਵਿਖੇ ਖੁਰਾਕੀ ਪਦਾਰਥ ਤਿਆਰ ਕਰਨ ਵਾਲੀ ਇੱਕ ਫੈਕਟਰੀ ’ਚ ਅਚਨਚੇਤ ਛਾਪਾ ਮਾਰ ਕੇ ਸੈਂਪਲਿੰਗ ਤੋਂ ਬਾਅਦ ਫੈਕਟਰੀ ਦੇ ਗੋਦਾਮਾਂ ਨੂੰ ਸੀਲ ਕਰ ਦਿੱਤਾ ਗਿਆ। ਜ਼ਿਲ੍ਹਾ ਪੁਲਸ ਦੇ ਸਹਿਯੋਗ ਨਾਲ ਮਾਰੇ ਗਏ ਇਸ ਛਾਪੇ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਫੈਕਟਰੀ ਵਿੱਚ ਤਿਆਰ ਕੀਤੇ ਜਾ ਰਹੇ ਮੁਰੱਬੇ, ਆਂਵਲਾ ਕੈਂਡੀ, ਚੈਰੀ ਆਦਿ ਖਾਧ ਪਦਾਰਥਾਂ ਦੇ ਚਾਰ ਸੈਂਪਲ ਭਰੇ ਗਏ।ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਕਿਸੇ ਨਾਗਰਿਕ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਸੁਨਾਮ ਊਧਮ ਸਿੰਘ ਵਾਲਾ ਦੇ ਪਿੰਡ ਜਗਤਪੁਰਾ ਸਥਿਤ ਇੱਕ ਪ੍ਰਾਈਵੇਟ ਫੈਕਟਰੀ ’ਚ ਗੈਰ-ਮਿਆਰੀ ਢੰਗ ਨਾਲ ਖਾਧ ਪਦਾਰਥ ਤਿਆਰ ਕੀਤੇ ਜਾ ਰਹੇ ਹਨ। ਸ਼ਿਕਾਇਤ ਮਿਲਣ ’ਤੇ ਤੁਰੰਤ ਕਾਰਵਾਈ ਕਰਦਿਆਂ ਖਾਣ ਵਾਲੀਆਂ ਵੱਖ-ਵੱਖ ਵਸਤਾਂ ਦੇ ਨਮੂਨੇ ਭਰੇ ਅਤੇ ਇਨ੍ਹਾਂ ਨਮੂਨਿਆਂ ਨੂੰ ਜਾਂਚ ਲਈ ਸਟੇਟ ਫੂਡ ਲੈਬ ਵਿੱਚ ਭੇਜਿਆ ਗਿਆ। ਸੈਂਪਲਾਂ ਦੀ ਰਿਪੋਰਟ ਆਉਣ ਤੱਕ ਫੈਕਟਰੀ ਦੇ ਗੋਦਾਮਾਂ ਨੂੰ ਸੀਲ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾ ਕਿਹਾ ਕਿ ਇਸ ਦੇ ਨਾਲ ਹੀ ਫੈਕਟਰੀ ਵਿੱਚ ਸਾਫ-ਸਫਾਈ ਦੀ ਬਹੁਤ ਘਾਟ ਪਾਈ ਗਈ, ਜਿਸ ਕਰਕੇ ਸੰਬੰਧਤ ਫਰਮ ਨੂੰ ਚਲਾਨ ਵੀ ਜਾਰੀ ਕੀਤਾ ਗਿਆ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਮਿਲਾਵਟਖੋਰੀ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਕਿਸੇ ਨੂੰ ਵੀ ਮਿਲਾਵਟੀ ਭੋਜਨ ਪਦਾਰਥ ਵੇਚ ਕੇ ਜ਼ਿਲ੍ਹੇ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪ੍ਰਸ਼ਾਸਨ ਲੋਕਾਂ ਨੂੰ ਸ਼ੁੱਧ ਅਤੇ ਮਿਆਰੀ ਭੋਜਨ ਪਦਾਰਥ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਸਮੇਂ-ਸਮੇਂ ਉਤੇ ਅਜਿਹੀਆਂ ਕਾਰਵਾਈਆਂ ਅਮਲ ਵਿੱਚ ਲਿਆਉਣ ਲਈ ਟੀਮਾਂ ਪੂਰੀ ਤਰ੍ਹਾਂ ਚੌਕਸ ਹਨ।
ਇਸ ਮੌਕੇ ਥਾਣਾ ਸਿਟੀ ਸੁਨਾਮ ਦੇ ਮੁੱਖ ਥਾਣਾ ਅਫਸਰ ਸੁਖਦੀਪ ਸਿੰਘ ਨੇ ਕਿਹਾ ਕਿ ਪੰਜਾਬ ਪੁਲਸ ਸੂਬੇ ਦੇ ਨਾਗਰਿਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾ ਕਿਹਾ ਕਿ ਅੱਜ ਵੀ ਸਿਹਤ ਵਿਭਾਗ ਦੀ ਟੀਮ ਨਾਲ ਛਾਪੇਮਾਰੀ ਦੌਰਾਨ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਜੇਕਰ ਇਨ੍ਹਾਂ ਸੈਂਪਲਾਂ ਦੀ ਰਿਪੋਰਟ ਮਾੜੀ ਆਉਦੀ ਹੈ ਤਾਂ ਸੰਬੰਧਤ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣੀ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਅਤੇ ਚੌਕੀ ਇੰਚਾਰਜ ਦਵਿੰਦਰ ਸਿੰਘ ਵੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles