ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਨੇੜੇ ਧਮਾਕਾਖੇਜ ਸਮਗਰੀ ਬਣਾਉਣ ਵਾਲੀ ਇਕ ਫੈਕਟਰੀ ’ਚ ਵੀਰਵਾਰ ਬਾਅਦ ਦੁਪਹਿਰ ਹੋਏ ਧਮਾਕੇ ’ਚ ਪੰਜ ਔਰਤਾਂ ਸਣੇ ਛੇ ਵਰਕਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਇਹ ਘਟਨਾ ਇੱਥੋਂ ਕਰੀਬ 25 ਕਿਲੋਮੀਟਰ ਦੂਰ ਹਿੰਗਨਾ ਥਾਣੇ ਦੇ ਅਧਿਕਾਰ ਖੇਤਰ ’ਚ ਆਉਂਦੇ ਪਿੰਡ ਧਮਨਾ ’ਚ ਸਥਿਤ ਚਾਮੁੰਡੀ ਐਕਸਪਲੋਸਿਵ ਪ੍ਰਾਈਵੇਟ ਲਿਮਿਟਡ ਨਾਂਅ ਦੀ ਫੈਕਟਰੀ ’ਚ ਵਾਪਰੀ। ਨਾਗਪੁਰ ਦੇ ਪੁਲਸ ਕਮਿਸ਼ਨਰ ਰਵਿੰਦਰ ਸਿੰਘਲ ਨੇ ਦੱਸਿਆ ਕਿ 9 ਜ਼ਖਮੀਆਂ ਨੂੰ ਸ਼ਹਿਰ ਦੇ ਦੋ ਨਿੱਜੀ ਹਸਪਤਾਲਾਂ ’ਚ ਲਿਜਾਇਆ ਗਿਆ। ਜ਼ਖਮੀਆਂ ਵਿੱਚੋਂ ਪੰਜ ਔਰਤਾਂ ਅਤੇ ਇਕ ਪੁਰਸ਼ ਦੀ ਇਲਾਜ ਦੌਰਾਨ ਮੌਤ ਹੋ ਗਈ। ਇਕ ਹੋਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਿਸ ਵੇਲੇ ਧਮਾਕਾ ਹੋਇਆ, ਉਦੋਂ ਜ਼ਿਆਦਾਤਰ ਮਜ਼ਦੂਰ ਧਮਾਕਾਖੇਜ ਸਮਗਰੀ ਦੀ ਪੈਕਿੰਗ ਕਰ ਰਹੇ ਸਨ।

