ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਨੂੰ ਕਪੂਰ ਦੀ ਫਿਲਮ ‘ਹਮਾਰੇ ਬਾਰਹ’ ਦੀ 14 ਜੂਨ ਨੂੰ ਰਿਲੀਜ਼ ’ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਫਿਲਮ ’ਚ ਇਸਲਾਮ ਅਤੇ ਵਿਆਹੁਤਾ ਮੁਸਲਿਮ ਔਰਤਾਂ ਦਾ ਅਪਮਾਨ ਕਰਨ ਦੇ ਦੋਸ਼ਾਂ ਦਾ ਨੋਟਿਸ ਲਿਆ। ਪਟੀਸ਼ਨਰ ਅਜ਼ਹਰ ਬਾਸ਼ਾ ਤੰਬੋਲੀ ਵੱਲੋਂ ਪੇਸ਼ ਵਕੀਲ ਫੌਜੀਆ ਸ਼ਕੀਲ ਦੀਆਂ ਦਲੀਲਾਂ ਦਾ ਨੋਟਿਸ ਲੈਂਦਿਆਂ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਬੰਬੇ ਹਾਈ ਕੋਰਟ ਨੂੰ ਪਟੀਸ਼ਨ ’ਤੇ ਜਲਦੀ ਫੈਸਲਾ ਲੈਣ ਲਈ ਕਿਹਾ।
ਦੱਖਣੀ ਸਰਹੱਦ ਸੀਲ ਕਰਨ ’ਤੇ ਬਾਇਡਨ ਪ੍ਰਸ਼ਾਸਨ ਖਿਲਾਫ ਕੇਸ
ਵਾਸ਼ਿੰਗਟਨ : ਪਰਵਾਸੀ ਅਧਿਕਾਰ ਸੰਗਠਨਾਂ ਦੇ ਸਮੂਹ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਹਾਲੀਆ ਨਿਰਦੇਸ਼ ਖਿਲਾਫ ਅਮਰੀਕੀ ਪ੍ਰਸ਼ਾਸਨ ’ਤੇ ਮੁਕੱਦਮਾ ਦਾਇਰ ਕੀਤਾ ਹੈ। ਬਾਇਡਨ ਨੇ ਦੱਖਣੀ ਸਰਹੱਦ ’ਤੇ ਸ਼ਰਨਾਰਥੀਆਂ ਦੇ ਦਾਖਲੇ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਪਾਬੰਦੀ ਲਗਾ ਦਿੱਤੀ ਸੀ, ਜਿਸ ਦਾ ਸਮੂਹ ਨੇ ਵਿਰੋਧ ਕੀਤਾ ਹੈ ਤੇ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਦਾ ਫੈਸਲਾ ਟਰੰਪ ਪ੍ਰਸ਼ਾਸਨ ਦੌਰਾਨ ਚੁੱਕੇ ਕਦਮਾਂ ਤੋਂ ਵੱਖਰਾ ਨਹੀਂ ਹੈ। ਉਦੋਂ ਵੀ ਅਦਾਲਤਾਂ ਨੇ ਉਸ ਫੈਸਲੇ ’ਤੇ ਰੋਕ ਦਿੱਤੀ ਸੀ। ਲਾਸ ਅਮਰੀਕਾ ਇਮੀਗ੍ਰੈਂਟ ਐਡਵੋਕੇਸੀ ਸੈਂਟਰ ਅਤੇ ਆਰ ਏ ਆਈ ਸੀ ਈ ਐੱਸ ਦੀ ਤਰਫੋਂ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਤੇ ਹੋਰਾਂ ਨੇ ਇਹ ਕੇਸ ਦਾਇਰ ਕੀਤਾ ਹੈ।
ਦਹਿਸ਼ਤਗਰਦਾਂ ਦੀ ਭਾਲ
ਜੰਮੂ : ਡੋਡਾ ਅਤੇ ਰਿਆਸੀ ’ਚ ਹਮਲੇ ਕਰਨ ਵਾਲੇ ਦਹਿਸ਼ਤਗਰਦਾਂ ਦਾ ਪਤਾ ਲਗਾਉਣ ਲਈ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਵੀਰਵਾਰ ਵੀ ਜਾਰੀ ਰਹੀ। ਪਿਛਲੇ ਚਾਰ ਦਿਨਾਂ ਦੌਰਾਨ ਰਿਆਸੀ, ਕਠੂਆ ਅਤੇ ਡੋਡਾ ਜ਼ਿਲ੍ਹਿਆਂ ’ਚ ਚਾਰ ਹਮਲਿਆਂ ਵਿਚ 9 ਸ਼ਰਧਾਲੂਆਂ ਤੇ ਸੀ ਆਰ ਪੀ ਐੱਫ ਜਵਾਨ ਦੀ ਮੌਤ ਹੋ ਗਈ ਅਤੇ 7 ਸੁਰੱਖਿਆ ਕਰਮਚਾਰੀਆਂ ਸਣੇ ਕਈ ਹੋਰ ਜ਼ਖਮੀ ਹੋ ਗਏ। ਪੁਲਸ ਨੇ ਹਮਲਿਆਂ ’ਚ ਸ਼ਾਮਲ ਚਾਰ ਦਹਿਸ਼ਤਗਰਦਾਂ ਦੇ ਸਕੈੱਚ ਜਾਰੀ ਕੀਤੇ ਹਨ ਅਤੇ ਉਨ੍ਹਾਂ ਦੀ ਗਿ੍ਰਫਤਾਰੀ ਲਈ ਸੂਚਨਾ ਦੇਣ ਵਾਲੇ ਨੂੰ 20 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।




