ਬੇਂਗਲੁਰੂ : ਸਥਾਨਕ ਅਦਾਲਤ ਨੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਬੀ ਐੱਸ ਯੇਦੀਯੁਰੱਪਾ ਖਿਲਾਫ ਵੀਰਵਾਰ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ।
ਇਸ ਤੋਂ ਪਹਿਲਾਂ ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਤੁਮਕੁਰੂ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ 81 ਸਾਲਾ ਯੇਦੀਯੁਰੱਪਾ ਖਿਲਾਫ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ (ਪੋਕਸੋ) ਐਕਟ ਤਹਿਤ ਜਾਂਚ ਕਰ ਰਹੀ ਸੀ ਆਈ ਡੀ ਨੇ ਉਨ੍ਹਾ ਨੂੰ ਪੁੱਛ-ਪੜਤਾਲ ਲਈ ਹਾਜ਼ਰ ਹੋਣ ਲਈ ਨੋਟਿਸ ਜਾਰੀ ਕੀਤਾ ਹੈ ਅਤੇ ਜੇ ਲੋੜ ਪਈ ਤਾਂ ਇਸ ਭਾਜਪਾ ਨੇਤਾ ਨੂੰ ਗਿ੍ਰਫਤਾਰ ਕੀਤਾ ਜਾ ਸਕਦਾ ਹੈ। ਉਨ੍ਹਾ ਕਿਹਾ-ਨੋਟਿਸ ਭੇਜ ਦਿੱਤਾ ਗਿਆ ਹੈ ਅਤੇ ਚਾਰਜਸ਼ੀਟ 15 ਜੂਨ ਤੱਕ ਦਾਖਲ ਕੀਤੀ ਜਾਣੀ ਹੈ।
ਪੁਲਸ ਨੇ 17 ਸਾਲਾ ਕੁੜੀ ਦੀ ਮਾਂ ਦੀ ਸ਼ਿਕਾਇਤ ’ਤੇ ਯੇਦੀਯੁਰੱਪਾ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 354 ਏ (ਜਿਨਸੀ ਸ਼ੋਸ਼ਣ) ਅਤੇ ਪੋਕਸੋ ਤਹਿਤ ਮਾਮਲਾ ਦਰਜ ਕੀਤਾ ਸੀ। ਔਰਤ ਨੇ ਦੋਸ਼ ਲਗਾਇਆ ਸੀ ਕਿ ਇਸ ਸਾਲ 2 ਫਰਵਰੀ ਨੂੰ ਯੇਦੀਯੁਰੱਪਾ ਨੇ ਆਪਣੀ ਰਿਹਾਇਸ਼ ’ਤੇ ਮੁਲਾਕਾਤ ਦੌਰਾਨ ਉਸ ਦੀ ਧੀ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਧੀ ਉਸ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਯੇਦੀਯੁਰੱਪਾ ਕੋਲ ਮਦਦ ਮੰਗਣ ਗਈ ਸੀ। ਯੇਦੀਯੁਰੱਪਾ ਨੇ ਖੁਦ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਮਰੇ ਵਿੱਚੋਂ ਭੱਜ ਕੇ ਬਾਹਰ ਆਈ ਤੇ ਫਿਰ ਉਸ ਨੇ ਉਸ ਨੂੰ ਸਾਰੀ ਕਹਾਣੀ ਦੱਸੀ। 14 ਮਾਰਚ ਨੂੰ ਕੇਸ ਦਰਜ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਕਰਨਾਟਕ ਦੇ ਡੀ ਜੀ ਪੀ ਨੇ ਤੁਰੰਤ ਜਾਂਚ ਲਈ ਕੇਸ ਸੀ ਆਈ ਡੀ ਨੂੰ ਸੌਂਪਣ ਦੇ ਆਦੇਸ਼ ਜਾਰੀ ਕੀਤੇ ਸਨ। ਯੇਦੀਯੁਰੱਪਾ ’ਤੇ ਦੋਸ਼ ਲਗਾਉਣ ਵਾਲੀ 54 ਸਾਲਾ ਔਰਤ ਦੀ ਪਿਛਲੇ ਮਹੀਨੇ ਫੇਫੜਿਆਂ ਦੇ ਕੈਂਸਰ ਨਾਲ ਮੌਤ ਹੋ ਗਈ ਸੀ। ਯੇਦੀਯੁਰੱਪਾ ਦੋਸ਼ਾਂ ਨੂੰ ਰੱਦ ਕਰਦੇ ਆ ਰਹੇ ਹਨ।