21.8 C
Jalandhar
Tuesday, October 22, 2024
spot_img

ਦਲਿਤ ਰਾਜਨੀਤੀ ਨਵੇਂ ਸਿਰਿਓਂ ਉਭਰੇਗੀ

ਦੇਸ਼ ਦੀ ਦਲਿਤ ਰਾਜਨੀਤੀ ਲਈ 2024 ਦੀਆਂ ਚੋਣਾਂ ਵਧੀਆ ਨਹੀਂ ਰਹੀਆਂ। ਦਲਿਤ ਰਾਜਨੀਤੀ ਦਾ ਮੁੱਢ ਡਾ. ਭੀਮ ਰਾਓ ਅੰਬੇਡਕਰ ਨੇ ਰਿਪਬਲਿਕਨ ਪਾਰਟੀ ਆਫ ਇੰਡੀਆ ਦੀ ਸਥਾਪਨਾ ਕਰਕੇ ਬੰਨ੍ਹਿਆ ਸੀ, ਪ੍ਰੰਤੂ ਇਹ ਪਾਰਟੀ ਡਾ. ਅੰਬੇਡਕਰ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਮਹਾਰਾਸ਼ਟਰ ਤੋਂ ਬਾਹਰ ਦੂਜੇ ਰਾਜਾਂ ਵਿੱਚ ਉਹ ਕੋਈ ਦਖ਼ਲ ਨਾ ਦੇ ਸਕੇ। ਅੱਜ ਉਸ ਦੀ ਮਹਾਰਾਸ਼ਟਰ ਵਿੱਚ ਵੀ ਕੋਈ ਪੁੱਛ-ਪ੍ਰਤੀਤ ਨਹੀਂ ਹੈ।
ਉਸ ਉਪਰੰਤ ਕਾਂਸ਼ੀ ਰਾਮ ਨੇ ਦਲਿਤ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਪਹਿਲਾਂ ਡੀ ਐੱਸ ਫੋਰ ਤੇ ਫਿਰ 1980ਵੇਂ ਦਹਾਕੇ ਦੇ ਮੱਧ ਵਿੱਚ ਉਨ੍ਹਾ ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤਾ। ਉਨ੍ਹਾ ਦੇਸ਼ ਭਰ ਵਿੱਚ ਘੁੰਮ-ਘੁੰਮ ਕੇ ਇੱਕ ਮਜ਼ਬੂਤ ਸੰਗਠਨ ਖੜ੍ਹਾ ਕਰ ਲਿਆ ਸੀ। ਉਨ੍ਹਾ ਦੀ ਸੋਚ ਸਭ ਲਤਾੜੇ ਜਾ ਰਹੇ ਗਰੀਬ-ਗੁਰਬੇ ਨੂੰ ਇੱਕ ਲੜੀ ਵਿੱਚ ਪ੍ਰੋਣ ਦੀ ਸੀ। ਇਸ ਵਿੱਚ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ। ਇਸੇ ਦੌਰਾਨ ਉਨ੍ਹਾ ਮਾਇਆਵਤੀ ਨੂੰ ਲੱਭ ਕੇ ਆਪਣੀ ਰਾਜਨੀਤੀ ਨੂੰ ਅੱਗੇ ਵਧਾਇਆ। ਇਹ ਕਾਂਸ਼ੀ ਰਾਮ ਦੀ ਸੋਚ ਤੇ ਜਥੇਬੰਦਕ ਕਾਰਜਕੁਸ਼ਲਤਾ ਦੀ ਕਾਮਯਾਬੀ ਸੀ ਕਿ ਮਾਇਆਵਤੀ ਯੂ ਪੀ ਵਰਗੇ ਵੱਡੇ ਸੂਬੇ ਦੀ ਵਾਰ-ਵਾਰ ਮੁੱਖ ਮੰਤਰੀ ਬਣਦੀ ਰਹੀ।
ਮਾਇਆਵਤੀ ਦੀ ਸਭ ਤੋਂ ਵੱਡੀ ਕਮਜ਼ੋਰੀ ਧਨ ਇਕੱਠਾ ਕਰਨਾ ਰਹੀ ਹੈ। ਆਪਣੇ ਜਨਮ ਦਿਨ ’ਤੇ ਮਹਿੰਗੇ ਤੋਹਫੇ ਤੇ ਧਨ ਇਕੱਠਾ ਕਰਨ ਦਾ ਉਸ ਨੂੰ ਫਤੂਰ ਰਿਹਾ ਹੈ। ਯੂ ਪੀ ਨੂੰ ਛੱਡ ਕੇ ਬਾਕੀ ਰਾਜਾਂ ਵਿੱਚ ਬਸਪਾ ਦਾ ਅਧਾਰ ਵਧਾਉਣ ਦੀ ਥਾਂ ਉਸ ਉੱਤੇ ਪਾਰਟੀ ਇਕਾਈਆਂ ਨੂੰ ਚੋਣਾਂ ਵਿੱਚ ਵੋਟ-ਕੱਟੂਆ ਵਜੋਂ ਵਰਤ ਕੇ ਕਾਂਗਰਸ ਦੇ ਵਿਰੋਧੀ ਦਲਾਂ ਨਾਲ ਸੌਦੇਬਾਜ਼ੀ ਦੇ ਵੀ ਇਲਜ਼ਾਮ ਲਗਦੇ ਰਹੇ ਹਨ। ਇਸੇ ਕਾਰਨ ਹਰ ਰਾਜ ਵਿੱਚ ਬਸਪਾ ਦਾ ਅਧਾਰ ਤੇ ਵੋਟ ਫੀਸਦੀ ਘਟਦੀ ਰਹੀ ਹੈ। ਇਸੇ ਨੀਤੀ ਕਾਰਨ ਉੱਚ ਵਰਗ ਦੇ ਦਲਿਤ ਦੂਜੇ ਦਲਾਂ ਵਿੱਚ ਜਾਣ ਲਈ ਬਸਪਾ ਨੂੰ ਪੌੜੀ ਵਜੋਂ ਵਰਤਣ ਲੱਗ ਪਏ ਹਨ। ਇਹੋ ਨਹੀਂ ਮਾਇਆਵਤੀ ਨੇ ਯੂ ਪੀ ਵਿੱਚ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਭਿ੍ਰਸ਼ਟਾਚਾਰ ਦੀਆਂ ਅਜਿਹੀਆਂ ਪੈੜਾਂ ਪਾਈਆਂ, ਜਿਹੜੀਆਂ ਉਸ ਦੇ ਪੈਰਾਂ ਦੀਆਂ ਬੇੜੀਆਂ ਬਣ ਚੁੱਕੀਆਂ ਹਨ। ਇਨ੍ਹਾਂ ਬੇੜੀਆਂ ਕਾਰਨ ਹੀ ਅੱਜ ਉਹ ਚਾਹੁੰਦੀ ਹੋਈ ਵੀ ਕੋਈ ਫੈਸਲਾ ਲੈਣ ਤੋਂ ਅਸਮਰੱਥ ਹੋ ਚੁੱਕੀ ਹੈ। ਉਸ ਦਾ ਮੁਸਲਮਾਨਾਂ ਤੇ ਪਛੜੀਆਂ ਸ਼ੇ੍ਰਣੀਆਂ ਵਾਲਾ ਵੋਟ ਬੈਂਕ ਉਸ ਤੋਂ ਪੂਰੀ ਤਰ੍ਹਾਂ ਦੂਰ ਹੋ ਚੁੱਕਾ ਹੈ। ਜਾਟਵ ਵੋਟ ਬੈਂਕ ਹਾਲੇ ਉਸ ਨਾਲ ਖੜ੍ਹਾ ਹੈ, ਪਰ ਸੰਨ੍ਹ ਉਸ ਵਿੱਚ ਵੀ ਲੱਗ ਚੁੱਕੀ ਹੈ। ਬਸਪਾ ਦਾ ਵੋਟ ਬੈਂਕ ਘਟਦਾ -ਘਟਦਾ 2019 ਵਿੱਚ 19.42 ਫ਼ੀਸਦੀ ’ਤੇ ਪੁੱਜ ਗਿਆ ਸੀ। ਮੌਜੂਦਾ ਲੋਕ ਸਭਾ ਚੋਣਾਂ ਵਿੱਚ ਤਾਂ ਉਹ ਹੋਰ ਦਸ ਫੀਸਦੀ ਡਿਗ ਕੇ 9.39 ਫੀਸਦੀ ’ਤੇ ਆ ਗਿਆ ਹੈ। ਜਿਹੜੀ ਬਸਪਾ ਕਿਸੇ ਸਮੇਂ ਦੂਜੇ ਰਾਜਾਂ ਵਿੱਚ ਵੋਟ-ਕਟੂਆ ਹੁੰਦੀ ਸੀ, ਅੱਜ ਉਹ ਯੂ ਪੀ ਵਿੱਚ ਵੀ ਉਸੇ ਹਾਲਤ ਨੂੰ ਪੁੱਜ ਗਈ ਹੈ। ਉਸ ਨੂੰ 16 ਸੀਟਾਂ ’ਤੇ ਪਈਆਂ ਵੋਟਾਂ ਭਾਜਪਾ ਉਮੀਦਵਾਰਾਂ ਦੀ ਜਿੱਤ ਦੇ ਫਰਕ ਤੋਂ ਵੱਧ ਹਨ। ਬਸਪਾ ਜੇਕਰ ‘ਇੰਡੀਆ’ ਗੱਠਜੋੜ ਦਾ ਹਿੱਸਾ ਹੁੰਦੀ ਤਾਂ ਯੂ ਪੀ ਵਿੱਚ ਭਾਜਪਾ ਨੇ 16-17 ਸੀਟਾਂ ਮਸਾਂ ਜਿੱਤ ਸਕਣੀਆਂ ਸਨ।
ਬਸਪਾ ਆਪਣੇ ਤੋਂ ਦੂਰ ਚਲੇ ਗਏ ਸਮਾਜਿਕ ਸਮੂਹਾਂ ਨੂੰ ਮੁੜ ਆਪਣੇ ਨਾਲ ਜੋੜ ਲਵੇਗੀ, ਇਹ ਸੰਭਵ ਨਹੀਂ ਲਗਦਾ। ਬਸਪਾ ਦੀ ਇਸ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ ਕਿ ਉਸ ਨੇ ਇੱਕ ਮਜ਼ਬੂਤ ਦਲਿਤ ਰਾਜਨੀਤਕ ਚੇਤਨਾ ਨੂੰ ਤਿਆਰ ਕੀਤਾ ਹੈ। ਇਸੇ ਚੇਤਨਾ ਨੇ ਯੂ ਪੀ ਵਿੱਚ ਚੰਦਰ ਸ਼ੇਖਰ ਅਜ਼ਾਦ ਵਜੋਂ ਇੱਕ ਨਵੇਂ ਚਿਹਰੇ ਨੂੰ ਮੈਦਾਨ ਵਿੱਚ ਲਿਆਂਦਾ ਹੈ। ਉਸ ਨੇ ਭੀਮ ਆਰਮੀ ਤੇ ਅਜ਼ਾਦ ਸਮਾਜ ਪਾਰਟੀ ਬਣਾ ਕੇ ਇਕੱਲਿਆਂ ਹੀ ਨਗੀਨਾ ਦੀ ਲੋਕ ਸਭਾ ਸੀਟ ਜਿੱਤ ਕੇ ਰਾਜਨੀਤਕ ਪਿੜ ਵਿੱਚ ਧਮਾਕੇਦਾਰ ਹਾਜ਼ਰੀ ਲਵਾਈ ਹੈ। ਚੰਦਰ ਸ਼ੇਖਰ ਅਜ਼ਾਦ ਪੜ੍ਹਿਆ-ਲਿਖਿਆ ਤੇ ਸੰਘਰਸ਼ਸ਼ੀਲ ਨੌਜਵਾਨ ਹੈ। ਦਲਿਤ ਰਾਜਨੀਤੀ ਵਿੱਚ ਬਸਪਾ ਵੱਲੋਂ ਖਾਲੀ ਕੀਤੀ ਜਗ੍ਹਾ ਨੂੰ ਭਰਨ ਦੀਆਂ ਅਜ਼ਾਦ ਸਮਾਜ ਪਾਰਟੀ ਵਿੱਚ ਅਥਾਹ ਸੰਭਾਵਨਾਵਾਂ ਹਨ।
ਮਾਇਆਵਤੀ ਨੇ ਜੋ ਯੂ ਪੀ ਵਿੱਚ ਕੀਤਾ, ਅਜਿਹਾ ਹੀ ਮਹਾਰਾਸ਼ਟਰ ਵਿੱਚ ਦਲਿਤ ਆਗੂ ਪ੍ਰਕਾਸ਼ ਅੰਬੇਡਕਰ ਨੇ ਕੀਤਾ ਹੈ। ਉਸ ਦੀ ਪਾਰਟੀ ਵੰਚਿਤ ਬਹੁਜਨ ਅਗਾੜੀ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਧਮਾਕੇਦਾਰੀ ਹਾਜ਼ਰੀ ਲਵਾਉਂਦਿਆਂ 8 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। ਇਹ ਵੋਟਾਂ ਟੁੱਟਣ ਕਾਰਨ ਹੀ ਕਾਂਗਰਸ ਤੇ ਐੱਨ ਸੀ ਪੀ ਇੱਕ ਦਰਜਨ ਦੇ ਕਰੀਬ ਸੀਟਾਂ ਹਾਰ ਗਈਆਂ ਸਨ। ਪ੍ਰਕਾਸ਼ ਅੰਬੇਡਕਰ ਇਸ ਪ੍ਰਾਪਤੀ ਕਾਰਨ ਏਨਾ ਹੰਕਾਰ ਗਿਆ ਕਿ ਉਸ ਨੇ ਮੌਜੂਦਾ ਚੋਣਾਂ ਵਿੱਚ ਇੰਡੀਆ ਗੱਠਜੋੜ ਵਿੱਚ ਸ਼ਾਮਲ ਹੋਣ ਲਈ ਏਨੀਆਂ ਸੀਟਾਂ ਮੰਗ ਲਈਆਂ ਜੋ ਚਾਰ ਪਾਰਟੀ ਗੱਠਜੋੜ ਵਿੱਚ ਸੰਭਵ ਹੀ ਨਹੀਂ ਸਨ। ਇੰਡੀਆ ਗੱਠਜੋੜ ਉਸ ਨੂੰ 4 ਸੀਟਾਂ ਦਿੰਦਾ ਸੀ, ਪਰ ਉਹ ਮੰਨਿਆ ਨਹੀਂ। ਉਸ ਦੀ ਅੜੀ ਵੋਟਰਾਂ ਨੂੰ ਪਸੰਦ ਨਹੀਂ ਆਈ ਤੇ ਉਸ ਦਾ ਵੋਟ ਸ਼ੇਅਰ ਘਟ ਕੇ 2 ਫੀਸਦੀ ਰਹਿ ਗਿਆ ਹੈ। ਇਹ ਠੀਕ ਹੈ ਕਿ ਉਹ ਆਪ ਤਾਂ ਜਿੱਤੇ ਨਹੀਂ, ਪਰ ਵੋਟਾਂ ਕੱਟ ਕੇ ਇੱਕ ਸੀਟ ’ਤੇ ਭਾਜਪਾ ਤੇ ਤਿੰਨ ਸੀਟਾਂ ਉੱਤੇ ਉਸ ਦੇ ਉਮੀਦਵਾਰਾਂ ਨੇ ਸ਼ਿਵ ਸੈਨਾ (ਸ਼ਿੰਦੇ) ਨੂੰ ਜਿਤਾ ਦਿੱਤਾ ਹੈ। ਮਾਇਆਵਤੀ ਵਾਂਗ ਹੁਣ ਪ੍ਰਕਾਸ਼ ਅੰਬੇਡਕਰ ਦੇ ਮੱਥੇ ਉੱਤੇ ਵੀ ਭਾਜਪਾ ਦੀ ਬੀ ਟੀਮ ਹੋਣ ਦਾ ਟਿੱਕਾ ਲੱਗ ਗਿਆ ਹੈ।
ਦਲਿਤ ਰਾਜਨੀਤੀ ਪਿਛਲੇ ਕੁਝ ਸਮੇਂ ਤੋਂ ਲਗਦੇ ਰਹੇ ਝਟਕਿਆਂ ਤੋਂ ਜ਼ਰੂਰ ਉੱਭਰੇਗੀ। ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ, ਜਿਸ ਤਰ੍ਹਾਂ ਦਲਿਤ ਤੇ ਪਛੜੇ ਸੰਵਿਧਾਨ ਨੂੰ ਖਤਰਾ ਪਛਾਣ ਕੇ ਇੱਕਮੁੱਠ ਹੋਏ ਹਨ, ਉਸ ਵਿੱਚ ਬੇਸ਼ੁਮਾਰ ਸੰਭਾਵਨਾਵਾਂ ਮੌਜੂਦ ਹਨ। ਚੰਦਰ ਸ਼ੇਖਰ ਅਜ਼ਾਦ ਇੱਕ ਦੂਰ-ਅੰਦੇਸ਼ ਆਗੂ ਹੈ। ਉਸ ਨੇ ਮੌਕਾਪ੍ਰਸਤੀ ਕਰਨ ਦੀ ਥਾਂ ‘ਇੰਡੀਆ’ ਗੱਠਜੋੜ ਨਾਲ ਖੜ੍ਹਨ ਦਾ ਫੈਸਲਾ ਲਿਆ। ਜੇਕਰ ਉਹ ਸੂਬਿਆਂ ਵਿੱਚ ਉੱਭਰੇ ਦਲਿਤ, ਪਛੜੇ ਤੇ ਆਦਿਵਾਸੀ ਦਲਾਂ ਨੂੰ ਇੱਕ ਸੂਤਰ ਵਿੱਚ ਬੰਨ੍ਹਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਉਹ ਕੌਮੀ ਆਗੂ ਵਜੋਂ ਉੱਭਰਨ ਦੀ ਤਾਕਤ ਰੱਖਦਾ ਹੈ। ਇਹ ਵੀ ਸਾਫ ਹੈ ਕਿ ਅਜੋਕੇ ਤਾਨਾਸ਼ਾਹੀ ਮਾਹੌਲ ਵਿੱਚ ਦਲਿਤ ਅੰਦੋਲਨ ਸੈਕੂਲਰ ਦਲਾਂ ਨਾਲ ਸਮਝੌਤਾ ਕੀਤੇ ਬਿਨਾਂ ਅੱਗੇ ਨਹੀਂ ਵਧ ਸਕਦਾ। ਇਹ ਦੋਪਾਸੜ ਲੋੜ ਹੈ, ਇਸ ਲਈ ਦੋਹਾਂ ਧਿਰਾਂ ਨੂੰ ਹੀ ਸਹੀ ਸੇਧ ਵਿੱਚ ਵਧਣਾ ਪਵੇਗਾ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles