ਅਹਿਮਦਾਬਾਦ : ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਸੂਰਜਪੁਰਾ ਪਿੰਡ ’ਚ 50 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੀ ਬੱਚੀ ਆਖਰਕਾਰ ਜ਼ਿੰਦਗੀ ਦੀ ਜੰਗ ਹਾਰ ਗਈ। ਉਹ 17 ਘੰਟੇ ਤੱਕ ਬੋਰਵੈੱਲ ਦੇ ਅੰਦਰ ਮੌਤ ਨਾਲ ਲੜਦੀ ਰਹੀ। ਉਹ ਸ਼ੁੱਕਰਵਾਰ ਬੋਰਵੈੱਲ ’ਚ ਡਿੱਗੀ ਸੀ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੂਰਜਪੁਰਾ ਪਿੰਡ ’ਚ 50 ਫੁੱਟ ਡੂੰਘੇ ਬੋਰਵੈਲ ’ਚ ਡਿੱਗੀ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ। ਐੱਨ ਡੀ ਆਰ ਐੱਫ ਦੇ 17 ਘੰਟੇ ਲੰਮੇ ਬਚਾਅ ਅਭਿਆਨ ਤੋਂ ਬਾਅਦ ਸ਼ਨੀਵਾਰ ਸਵੇਰੇ ਉਸ ਨੂੰ ਬੇਹੋਸ਼ੀ ਦੀ ਹਾਲਾਤ ’ਚ ਬਾਹਰ ਕੱਢਿਆ ਗਿਆ। ਉਸ ਨੂੰ ਹਸਪਤਾਲ ’ਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਐੱਨ ਡੀ ਆਰ ਐੱਫ ਨੇ ਕਿਹਾ ਕਿ ਬੋਰਵੈੱਲ 500 ਫੁੱਟ ਡੂੰਘਾ ਸੀ। ਇਸ ’ਚ ਡਿੱਗਣ ਤੋਂ ਬਾਅਦ ਲੜਕੀ ਲਗਭਗ 50 ਫੁੱਟ ਦੀ ਡੂੰਘਾਈ ’ਚ ਜਾ ਕੇ ਫਸ ਗਈ। ਉਨ੍ਹਾ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਦੇ ਨਾਲ ਮਿਲ ਕੇ ਐੱਨ ਡੀ ਆਰ ਐੱਫ ਦੀ ਟੀਮ ਨੇ ਕਰੀਬ 17 ਘੰਟੇ ਅਭਿਆਨ ਚਲਾਇਆ।


