27.9 C
Jalandhar
Sunday, September 8, 2024
spot_img

ਸਰਕਾਰਾਂ ਦੇ ਮਜ਼ਦੂਰ ਵਿਰੋਧੀ ਮਨਸੂਬਿਆਂ ਨੂੰ ਪੂਰੀ ਤਾਕਤ ਨਾਲ ਨਾਕਾਮ ਕੀਤਾ ਜਾਵੇਗਾ : ਬੰਤ ਬਰਾੜ, ਧਾਲੀਵਾਲ

ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਸਾਂਝਾ ਬਿਆਨ ਜਾਰੀ ਕਰਦਿਆ ਕਿਹਾ ਕਿ ਦੇਸ਼ ਵਿੱਚ ਚੋਣਾਂ ਦਾ ਅਮਲ ਪੂਰਾ ਹੋ ਜਾਣ ਤੋਂ ਬਾਅਦ ਕੇਂਦਰ ਵਿੱਚ ਕੁਝ ਮੌਕਾਪ੍ਰਸਤ ਪਾਰਟੀਆਂ ਦੀਆਂ ਫਾਹੁੜੀਆਂ ਦੇ ਆਸਰੇ ਬਣੀ ਘੱਟ ਗਿਣਤੀ ਵਿੱਚ ਸੀਟਾਂ ਹਾਸਲ ਕਰਕੇ ਲੁੜ੍ਹਕੀ ਭਾਜਪਾ ਦੀ ਸਰਕਾਰ ਹੋਂਦ ਵਿੱਚ ਆਉਣ ’ਤੇ ਇਹ ਸਮਝਿਆ ਗਿਆ ਸੀ ਕਿ ਮੋਦੀ ਸਰਕਾਰ ਦਾ ਲੋਕ ਵਿਰੋਧੀ ਡੰਗ ਹੁਣ ਤਿੱਖਾ ਹੋ ਕੇ ਨਹੀਂ ਵੱਜ ਸਕੇਗਾ, ਪਰ ਕੇਂਦਰ ਵਿੱਚ ਸਰਕਾਰ ਦਾ ਗਠਨ ਹੋਣ ਤੋਂ ਪਹਿਲਾਂ ਜਿਵੇਂ ਨਿਤੀਸ਼ ਕੁਮਾਰ ਅਤੇ ਚੰਦਰ ਬਾਬੂ ਨਾਇਡੂ ਦੀਆਂ ਪਾਰਟੀਆਂ ਦੇ ਹਵਾਲੇ ਨਾਲ ਖਬਰਾਂ ਛਪੀਆਂ ਸਨ ਕਿ ਉਹ ਸਰਕਾਰ ਵਿੱਚ ਮਹੱਤਵਪੂਰਨ ਮੰਤਰਾਲੇ ਲੈਣਗੇ, ਪਰ ਦੋਨੋਂ ਲੀਡਰ ਕਮਜ਼ੋਰ ਸਾਬਤ ਹੋਏ, ਉਨ੍ਹਾਂ ਨੂੰ ਜੋ ਮਿਲਿਆ ਉਹ ਲੈ ਲਿਆ, ਇੱਕ ਵੀ ਮਹੱਤਵਪੂਰਨ ਮੰਤਰਾਲਾ ਉਹਨਾਂ ਨੂੰ ਨਹੀਂ ਦਿੱਤਾ ਗਿਆ। ਹੁਣ ਮੋਦੀ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰੀ ਨੇ 29 ਕੇਂਦਰੀ ਲੇਬਰ ਕਾਨੂੰਨਾਂ ਨੂੰ ਤੋੜ ਕੇ ਬਣਾਏ 4 ਲੇਬਰ ਕੋਡਜ਼ ਨੂੰ ਜਲਦੀ ਅਮਲ ਵਿੱਚ ਲਿਆਉਣ ਦੀ ਗੱਲ ਕਰਕੇ ਭਾਰਤ ਦੀ ਮਜ਼ਦੂਰ ਜਮਾਤ ਨੂੰ ਚੁਣੌਤੀ ਪੇਸ਼ ਕੀਤੀ ਹੈ ਅਤੇ ਕਾਰਪੋਰੇਟਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਉਨ੍ਹਾਂ ਲਈ ਕਿਰਤੀਆਂ ਦੇ ਹਰ ਤਰ੍ਹਾਂ ਦੇ ਸ਼ੋਸ਼ਣ ਦੇ ਦਰਵਾਜ਼ੇ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਲੇਬਰ ਕੋਡਜ਼ ’ਤੇ ਚੋਣਾਂ ਦੇ ਭਵਸਾਗਰ ਨੂੰ ਪਾਰ ਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਲ ਰੋਕਿਆ ਹੋਇਆ ਸੀ। ਸਰਕਾਰ ਦੇ ਮਾੜੇ ਮਨਸੂਬੇ ਸਾਹਮਣੇ ਆ ਗਏ ਹਨ। ਕਿਰਤੀ ਜਮਾਤ ਇਸ ਚੁਣੌਤੀ ਨੂੰ ਦਿ੍ਰੜ੍ਹਤਾ ਨਾਲ ਨਜਿੱਠੇਗੀ। ਇਹ ਸਰਕਾਰ ਕਿਰਤੀਆਂ ਅਤੇ ਆਮ ਲੋਕਾਂ ਦੇ ਨਵੇਂ ਤੋਂ ਨਵੇਂ ਹਮਲੇ ਕਰੇਗੀ, ਜਿਨ੍ਹਾਂ ਨੂੰ ਮਜ਼ਬੂਤੀ ਨਾਲ ਠੱਲ੍ਹਿਆ ਜਾਵੇਗਾ।
ਉਹਨਾਂ ਕਿਹਾ ਕਿ ਇਸੇ ਤਰ੍ਹਾਂ ਆਮ ਆਦਮੀ ਦੇ ਨਾਂਅ ’ਤੇ ਪੰਜਾਬੀਆਂ ਦੀਆਂ ਝੂਠੇ ਲਾਰੇ ਲਾ ਕੇ ਵੋਟਾਂ ਠੱਗ ਕੇ 2 ਸਾਲ ਤੋਂ ਵੱਧ ਸਮੇਂ ਤੋਂ ਬਣੀ ਭਗਵੰਤ ਮਾਨ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਵੀ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਿਆ ਹੈ। ਇਸ ਸਰਕਾਰ ਨੇ ਕੰਟਰੈਕਟ ਅਤੇ ਆਊਟ ਸੋਰਸ ਸਿਸਟਮ ਤਹਿਤ ਕੰਮ ਕਰਦੇ 2 ਲੱਖ ਤੋਂ ਵੱਧ ਕਾਮਿਆਂ ਨੂੰ ਪੱਕਾ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਵਾਅਦੇ ਤੋਂ ਭੱਜ ਗਈ ਹੈ, ਸਭ ਤੋਂ ਵੱਧ ਲੁੱਟ ਦਾ ਸ਼ਿਕਾਰ ਘੱਟੋ-ਘੱਟ ਉਜਰਤਾਂ ਲੈਣ ਵਾਲੇ ਕਿਰਤੀ ਵਰਗ ਦੀਆਂ ਉਜਰਤਾਂ ਵਿੱਚ ਕਾਰਪੋਰੇਟਾਂ ਅਤੇ ਵੱਡੇ ਸਨਅਤਕਾਰਾਂ ਦੇ ਦਬਾਅ ਥੱਲੇ ਕੋਈ ਵਾਧਾ ਨਹੀਂ ਕੀਤਾ, ਸਗੋਂ ਉਨ੍ਹਾ ਦੀ ਚਾਕਰੀ ਕਰਦਿਆਂ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਘੰਟੇ ਡਿਊਟੀ ਲੈਣ ਦੀ ਖੁੱਲ੍ਹ ਦੇ ਦਿੱਤੀ ਹੈ। ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਕਿਲੋ ਦਾ ਵਾਧਾ ਕਰ ਦਿੱਤਾ, ਹੁਣ ਬਿਜਲੀ ਦੀਆਂ ਦਰਾਂ ਵਿੱਚ 15 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕਰਕੇ ਲੋਕਾਂ ਉਪਰ ਬੋਝ ਲੱਦ ਦਿੱਤਾ ਗਿਆ ਹੈ। ਸਰਕਾਰ ਮੁਲਾਜ਼ਮਾਂ ਦਾ 12 ਪ੍ਰਤੀਸ਼ਤ ਡੀ ਏ ਦੱਬ ਕੇ ਬੈਠੀ ਹੈ ਇਸ ਤੋਂ ਇਲਾਵਾ ਪੇ ਕਮਿਸ਼ਨ ਅਤੇ ਡੀ ਏ ਦੇ ਏਰੀਅਰ ਦਾ 16000 ਕਰੋੜ ਰੁਪਏ ਇਹ ਸਰਕਾਰ ਨਹੀਂ ਦੇ ਰਹੀ। ਸਿਰਫ 300 ਯੂਨਿਟ ਮਹੀਨਾ ਫਰੀ ਬਿਜਲੀ ਕਰਨ ਦਾ ਢੰਡੋਰਾ ਪਿੱਟਣ ਤੋਂ ਬਿਨਾਂ ਇਸ ਸਰਕਾਰ ਕੋਲ ਹੋਰ ਕੁਝ ਵੀ ਕਹਿਣ ਨੂੰ ਨਹੀਂ। ਮਾਫੀਆ ਰਾਜ ਬਾਦਸਤੂਰ ਅਤੇ ਨਿਰਵਿਘਨ ਚੱਲ ਰਿਹਾ ਹੈ। ਉਹ ਭਾਵੇਂ ਟਰਾਂਸਪੋਰਟ ਦੇ ਖੇਤਰ ਵਿੱਚ ਹੋਵੇ, ਮਾਈਨਿੰਗ ਮਾਫੀਆ, ਭੂ ਮਾਫੀਆ, ਨਸ਼ਾ ਮਾਫੀਆ, ਗੈਂਗਸਟਰਾਂ ਦਾ ਅਤੰਕ, ਲੁੱਟਾਂਖੋਹਾਂ, ਭਿ੍ਰਸ਼ਟਾਚਾਰ ਅਤੇ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਆਦਿ ਦੁਸ਼ਵਾਰੀਆਂ ਵਧ-ਫੁੱਲ ਰਹੀਆਂ ਹਨ।ਬਰਾੜ ਅਤੇ ਧਾਲੀਵਾਲ ਨੇ ਮਜ਼ਦੂਰ ਜਮਾਤ ਨੂੰ ਸੱਦਾ ਦਿੱਤਾ ਕਿ ਏਟਕ ਦੀ ਹਰ ਇੱਕ ਇਕਾਈ ਇਨ੍ਹਾਂ ਮਸਲਿਆਂ ਨੂੰ ਲੈ ਕੇ ਲਾਮਬੰਦੀ ਵੀ ਕਰੇ ਅਤੇ ਹੇਠਲੇ ਪੱਧਰ ’ਤੇ ਸੰਘਰਸ਼ ਵੀ ਤੇਜ਼ ਕਰੇ, ਤਾਂ ਕਿ ਨੇੜ ਭਵਿੱਖ ਵਿੱਚ ਪੰਜਾਬ ਅਤੇ ਦੇਸ਼ ਦੇ ਪੈਮਾਨੇ ’ਤੇ ਸੰਭਾਵੀ ਸਾਂਝਾ ਸੰਘਰਸ਼ ਸ਼ੁਰੂ ਕਰਨ ਨੂੰ ਬਲ ਮਿਲੇ। ਅੰਤ ਵਿੱਚ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੇ ਮਜ਼ਦੂਰ ਵਿਰੋਧੀ ਤੇ ਲੋਕ-ਵਿਰੋਧੀ ਮਨਸੂਬਿਆਂ ਨੂੰ ਪੂਰੀ ਤਾਕਤ ਨਾਲ ਨਾਕਾਮ ਕੀਤਾ ਜਾਵੇਗਾ।

Related Articles

LEAVE A REPLY

Please enter your comment!
Please enter your name here

Latest Articles