ਖਨਨ ਮਾਫੀਆ ਦੀ 4440 ਕਰੋੜ ਦੀ ਜਾਇਦਾਦ ਜ਼ਬਤ

0
228

ਲਖਨਊ : ਦੁਬਈ ’ਚ ਲੁਕੇ ਖਨਨ ਮਾਫੀਆ ਸਾਬਕਾ ਐੱਮ ਐੱਲ ਸੀ ਹਾਜੀ ਇਕਬਾਲ ’ਤੇ ਈ ਡੀ ਨੇ ਕਾਰਵਾਈ ਕਰਦੇ ਸਹਾਰਨਪੁਰ ਦੀ ਗਲੋਕਲ ਯੂਨੀਵਰਸਿਟੀ ਦੀ 4440 ਕਰੋੜ ਰੁਪਏ ਦੀ ਕੀਮਤ ਵਾਲੀ 121 ਏਕੜ ਜ਼ਮੀਨ ਅਤੇ ਇਮਾਰਤਾਂ ਨੂੰ ਜ਼ਬਤ ਕਰ ਲਿਆ। ਇਹ ਜਾਇਦਾਦ ਅਬਦੁਲ ਵਾਹੀਦ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਦੇ ਨਾਂਅ ’ਤੇ ਰਜਿਸਟਰਡ ਹੈ। ਇਸ ਟਰੱਸਟ ਦਾ ਪ੍ਰਬੰਧ/ ਕੰਟਰੋਲ ਹਾਜੀ ਇਕਬਾਲ ਅਤੇ ਉਸ ਦੇ ਪਰਵਾਰ ਵੱਲੋਂ ਕੀਤਾ ਜਾਂਦਾ ਹੈ। ਇਹ ਕਰਵਾਈ ਗੈਰ-ਕਾਨੂੰਨੀ ਖਨਨ ਮਾਮਲੇ ’ਚ ਕੀਤੀ ਗਈ ਹੈ। ਈ ਡੀ ਨੇ ਸਹਾਰਨਪੁਰ ਜ਼ਿਲ੍ਹੇ ਦੇ ਗੈਰ-ਕਾਨੂੰਨੀ ਅਤੇ ਪਟਾਧਾਰਕਾਂ ਦੇ ਲਾਇਸੰਸ ਦੇ ਗੈਰ-ਕਾਨੂੰਨੀ ਮਾਮਲੇ ’ਚ ਸੀ ਬੀ ਆਈ ਦਿੱਲੀ ਵੱਲੋਂ ਭਿ੍ਰਸ਼ਟਾਚਾਰ ਸਮੇਤ ਵੱਖ-ਵੱਖ ਦਰਜ ਕੀਤੀਆਂ ਗਈਆਂ ਐੱਫ ਆਰ ਆਈ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਖਨਨ ਪਟਾ ਦੇ ਗੈਰ-ਕਾਨੂੰਨੀ ਨਵੀਨੀਕਰਨ ਨਾਲ ਸੰਬੰਧਤ ਮਾਮਲਿਆਂ ’ਚ ਸੀ ਬੀ ਆਈ ਨੇ ਮਹਿਮੂਦ ਅਲੀ, ਦਿਲਸ਼ਾਦ, ਮੁਹੰਮਦ ਇਨਾਮ, ਮਹਿਬੂਬ ਆਲਮ (ਮੌਤ ਹੋ ਚੁੱਕੀ), ਨਸੀਮ ਅਹਿਮਦ, ਅਮਿਤ ਜੈਨ, ਵਿਕਾਸ ਅਗਰਵਾਲ, ਮੁਹੰਮਦ ਵਾਜਿਦ, ਮੁਕੇਸ਼ ਜੈਨ ਅਤੇ ਪੁਨੀਤ ਜੈਨ ਸਮੇਤ ਕੁਝ ਸਰਕਾਰੀ ਅਧਿਕਾਰੀਆਂ ਅਤੇ ਅਣਪਛਾਤੇ ਵਿਅਕਤੀਆ ਨੂੰ ਨਾਮਜ਼ਦ ਕੀਤਾ ਸੀ। ਜਾਂਚ ’ਚ ਪਤਾ ਚੱਲਿਆ ਕਿ ਅਬਦੁਲ ਵਹੀਦ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਦੇ ਸਾਰੇ ਟਰੱਸਟੀ ਮੁਹੰਮਦ ਇਕਬਾਲ ਦੇ ਪਰਵਾਰ ਦੇ ਮੈਂਬਰ ਹਨ, ਜਿਸ ’ਚ ਇਕਬਾਲ ਖੁਦ ਵੀ ਸ਼ਾਮਲ ਹੈ। ਟਰੱਸਟ ਦੇ ਫੰਡ ਦਾ ਇਸਤੇਮਾਲ ਬਾਅਦ ’ਚ ਸਹਾਰਨਪੁਰ ’ਚ ਜ਼ਮੀਨ ਖਰੀਦਣ ਅਤੇ ਗਲੋਕਲ ਯੂਨੀਵਰਸਿਟੀ ਲਈ ਇਮਾਰਤ ਨਿਰਮਾਣ ’ਚ ਕੀਤਾ ਗਿਆ। ਗੈਰ-ਕਾਨੂੰਨੀ ਖਨਨ ਨਾਲ ਕਮਾਈ ਗਈ ਲਗਭਗ 500 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਾ ਇਸਤੇਮਾਲ ਜ਼ਮੀਨਾਂ ਖਰੀਦਣ ਅਤੇ ਯੂਨੀਵਰਸਿਟੀ ਦੀ ਬਿਲਡਿੰਗ ਬਣਾਉਣ ’ਚ ਕੀਤਾ ਗਿਆ। ਇਨ੍ਹਾਂ ਜਾਇਦਾਦਾਂ ਦਾ ਵਰਤਮਾਨ ਬਾਜ਼ਾਰ ’ਚ ਮੁੱਲ 4439 ਕਰੋੜ ਹੈ। ਮੁਹੰਮਦ ਇਕਬਾਲ ਫਿਲਹਾਲ ਫਰਾਰ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਦੁਬਈ ’ਚ ਹੈ। ਉਸ ਦੇ ਚਾਰ ਪੁੱਤਰ ਅਤੇ ਭਰਾ ਇਸ ਸਮੇਂ ਜੇਲ੍ਹ ’ਚ ਹਨ।

LEAVE A REPLY

Please enter your comment!
Please enter your name here