ਜਲੰਧਰ : ਪੰਜਾਬੀ ਲੋਕ-ਪੱਖੀ ਰੰਗਮੰਚ ਦੀ ਦੁਨੀਆਂ ਤੋਂ ਰੁਖ਼ਸਤ ਹੋਏ ਜਾਣੇ-ਪਹਿਚਾਣੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਸਾਹਿਤਕ ਰੰਗ ਮੰਚੀ ਸਖ਼ਤ ਘਾਲਣਾ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸ਼ਨੀਵਾਰ ਸੱਤਵੀਂ ਬਰਸੀ ਮੌਕੇ ਸਿਜਦਾ ਕੀਤਾ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 19 ਅਗਸਤ 1942 ਨੂੰ ਪਿੰਡ ਫਰਵਾਹੀ ਵਿਖੇ ਮਾਂ ਹਰਨਾਮ ਕੌਰ ਅਤੇ ਪਿਤਾ ਕੌਰ ਸਿੰਘ ਦੇ ਘਰ ਪੈਦਾ ਹੋਏ ਅਜਮੇਰ ਸਿੰਘ ਨੇ ਬਾਲ ਉਮਰ ਤੋਂ ਹੀ ਮੁਜ਼ਾਰਾ ਪਰਵਾਰਾਂ ਦੀਆਂ ਦੁਸ਼ਵਾਰੀਆਂ ਹੱਡੀਂ ਹੰਢਾਈਆਂ। ਉਹਨਾ ਦੀ ਪੀੜ ਅਤੇ ਇਸ ਹਾਲਤ ਤੋਂ ਮੁਕਤੀ ਦੇ ਸਰੋਕਾਰ ਉਹਨਾ ਦੇ ਆਖਰੀ ਦਮ ਤੱਕ ਸਾਹਾਂ ਵਿੱਚ ਧੜਕਦੇ ਰਹੇ।
ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਅਮੋਲਕ ਸਿੰਘ, ਹਰਵਿੰਦਰ ਭੰਡਾਲ, ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਗੁਰਮੀਤ ਸਿੰਘ, ਡਾ. ਤੇਜਿੰਦਰ ਵਿਰਲੀ, ਵਿਜੈ ਬੰਬੇਲੀ, ਡਾ. ਸੈਲੇਸ਼ ਤੋਂ ਇਲਾਵਾ ਪਰਮਜੀਤ ਸਮਰਾਏ ਨੇ ਪ੍ਰੋ. ਅਜਮੇਰ ਔਲਖ ਦੇ ਜੀਵਨ ਦੀਆਂ ਮਾਣ-ਮੱਤੀਆਂ ਪੈੜਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹਨਾ ਦੱਬੇ-ਕੁਚਲੇ ਲੋਕਾਂ ਅਤੇ ਧਰਤੀ ਦੀਆਂ ਧੀਆਂ ਦੇ ਪੀੜਾਂ ਦੇ ਪਰਾਗੇ ਰੰਗ ਮੰਚ ’ਤੇ ਬਹੁਤ ਹੀ ਕਮਾਲ ਦੀਆਂ ਨਾਟਕੀ ਯੁਗਤਾਂ ਨਾਲ ਪੇਸ਼ ਕੀਤੇ ਅਤੇ ਨਵੇਂ-ਨਰੋਏ ਮਾਨਵੀ, ਜਮਹੂਰੀ ਕਦਰਾਂ-ਕੀਮਤਾਂ ਸੰਗ ਲੱਦੇ ਹੋਏ ਖ਼ੂਬਸੂਰਤ ਸਮਾਜ ਦੀ ਸਿਰਜਣਾ ਲਈ ਜੂਝਦੇ ਸੰਗਰਾਮਾਂ ਦਾ ਰੰਗਮੰਚ ਨੂੰ ਸੰਗੀ ਸਾਥੀ ਬਣਾਉਣ ਲਈ ਜ਼ੋਰਦਾਰ ਉਪਰਾਲੇ ਕੀਤੇ। ਬੁਲਾਰਿਆਂ ਕਿਹਾ ਕਿ ਅੱਜ ਪ੍ਰੋ. ਔਲਖ ਨੂੰ ਹਕੀਕੀ ਸ਼ਰਧਾਂਜਲੀ ਇਹੋ ਹੈ ਕਿ ਲੋਕਾਂ ਦੇ ਰੰਗਮੰਚ ਨੂੰ ਹਰ ਪੱਖੋਂ ਅਮੀਰ ਅਤੇ ਸੂਖ਼ਮ ਕਲਾਤਮਕ ਛੋਹਾਂ ਨਾਲ ਲੋਕਾਂ ਵਿੱਚ ਲਿਜਾਇਆ ਜਾਵੇ। ਸਾਡੇ ਸਮਿਆਂ ਅੰਦਰ ਰੰਗਮੰਚ ਨੂੰ ਦਰਪੇਸ਼ ਚੁਣੌਤੀਆਂ, ਰੰਗਮੰਚ ਅਤੇ ਲੋਕਾਂ ਦੀ ਨਿੱਘੀ ਪ੍ਰੀਤ ਲਈ ਜੁਲਾਈ ਮਹੀਨੇ ਇੱਕ ਗੰਭੀਰ ਵਿਚਾਰ-ਚਰਚਾ ਕਰਨ ਬਾਰੇ ਵੀ ਵਿਚਾਰਿਆ ਗਿਆ, ਜੋ ਕਿ 2024 ਦੇ ਮੇਲਾ ਗ਼ਦਰੀ ਬਾਬਿਆਂ ਦੇ ਨਿਵੇਕਲੇ ਰੰਗ ਖੇੜਨ ਲਈ ਸਹਾਈ ਹੋਏਗਾ। ਮੀਟਿੰਗ ’ਚ ਇੱਕ ਵਿਸ਼ੇਸ਼ ਮਤੇ ਰਾਹੀਂ ਜ਼ੋਰਦਾਰ ਮੰਗ ਕੀਤੀ ਗਈ ਕਿ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੀ ਕੇ ਸਕਸੈਨਾ ਵੱਲੋਂ ਵਿਸ਼ਵ ਪ੍ਰਸਿੱਧ ਲੇਖਕਾ ਅਰੁੰਧਤੀ ਰਾਏ ਵਿਰੁੱਧ ਯੂ ਏ ਪੀ ਏ ਤਹਿਤ ਕੇਸ ਚਲਾਉਣ ਦੀ ਮਨਜ਼ੂਰੀ ਦੇਣ ਦੇ ਚੁੱਕੇ ਕਦਮ ਤੁਰੰਤ ਵਾਪਸ ਲਏ ਜਾਣ। ਇਸ ਵਿਚਾਰ-ਚਰਚਾ ਮੌਕੇ ਕਵੀ ਸੁਰਜੀਤ ਪਾਤਰ ਅਤੇ ਗਾਇਕ ਕੁਲਦੀਪ ਜਲੂਰ ਨੂੰ ਵੀ ਸਿਜਦਾ ਕੀਤਾ ਗਿਆ।





