ਨੀਟ ਦਾ ਪੇਪਰ ਲੀਕ ਕਰਨਾ ਕਬੂਲਿਆ

0
152

ਪਟਨਾ : ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੀਟ ਦਾ ਪੇਪਰ ਲੀਕ ਹੋਣ ਦੀ ਗੱਲ ਮੰਨਣ ਲਈ ਤਿਆਰ ਨਹੀਂ, ਪਰ ਬਿਹਾਰ ਪੁਲਸ ਦੀ ਆਰਥਕ ਅਪਰਾਧ ਯੂਨਿਟ (ਈ ਓ ਯੂ) ਨੇ ਕਿਹਾ ਹੈ ਕਿ ਦੋ ਮੁਲਜ਼ਮਾਂ, ਜਿਨ੍ਹਾਂ ਵਿੱਚੋਂ ਇੱਕ ‘ਪ੍ਰੀਖਿਆ ਮਾਫੀਆ’ ਨਾਲ ਸੰਬੰਧਤ ਹੈ, ਨੇ ਨੀਟ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਮਾਮਲੇ ’ਚ ਆਪਣੀ ਭੂਮਿਕਾ ਕਬੂਲ ਕੀਤੀ ਹੈ। ਈ ਓ ਯੂ ਨੇ ਪ੍ਰਸ਼ਨ ਪੱਤਰ ਲੀਕ ਕੇਸ ਦੀ ਜਾਂਚ ਲਈ 9 ਮੈਂਬਰੀ ਸਿਟ ਕਾਇਮ ਕੀਤੀ ਹੋਈ ਹੈ। ਇਸ ਮਾਮਲੇ ’ਚ ਹੁਣ ਤੱਕ 13 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਛੇ ਪ੍ਰੀਖਿਆ ਮਾਫੀਆ, ਚਾਰ ਵਿਦਿਆਰਥੀ ਤੇ ਤਿੰਨ ਮਾਪੇ ਸ਼ਾਮਲ ਹਨ। ਈ ਓ ਯੂ ਨੇ ਕਿਹਾ ਕਿ ਪ੍ਰੀਖਿਆ ਮਾਫੀਆ ਵਿੱਚੋਂ ਸਿਕੰਦਰ ਯਾਦਵੇਂਦੂ (56), ਜਿਹੜਾ ਕਿ ਦਾਨਾਪੁਰ ਮਿਊਂਸਪਲ ਕੌਂਸਲ ’ਚ ਜੂਨੀਅਰ ਇੰਜੀਨੀਅਰ ਹੈ, ਨੇ ਪ੍ਰਸ਼ਨ ਪੱਤਰ ਲੀਕ ਹੋਣ ’ਚ ਆਪਣੀ ਭੂਮਿਕਾ ਕਬੂਲ ਕੀਤੀ ਹੈ। ਇਸ ਤੋਂ ਇਲਾਵਾ ਆਯੂਸ਼ ਕੁਮਾਰ ਨਾਂਅ ਦੇ ਇੱਕ ਉਮੀਦਵਾਰ ਨੇ ਵੀ ਇਹ ਗੱਲ ਕਬੂਲ ਕੀਤੀ ਹੈ ਕਿ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਉਸ ਨੂੰ ਪ੍ਰਸ਼ਨ ਪੱਤਰ ਯਾਦ ਕਰਵਾਇਆ ਗਿਆ ਸੀ। ਨੀਟ ਪ੍ਰੀਖਿਆ 5 ਮਈ ਨੂੰ ਹੋਈ ਸੀ ਅਤੇ ਪ੍ਰੀਖਿਆ ਮਾਫੀਆ ਨੇ 4 ਮਈ ਨੂੰ ਪ੍ਰਸ਼ਨ ਪੱਤਰ ਪ੍ਰਾਪਤ ਕਰ ਲਿਆ ਸੀ। ਸਿਕੰਦਰ ਯਾਦਵੇਂਦੂ ਦੇ ਕਬੂਲਨਾਮੇ ਮੁਤਾਬਕ ਅਮਿਤ ਤੇ ਨਿਤੀਸ਼ ਨਾਂਅ ਦੇ ਦੋ ਵਿਅਕਤੀਆਂ ਨੂੰ ਪ੍ਰਸ਼ਨ ਪੱਤਰ 4 ਮਈ ਨੂੰ ਮਿਲ ਗਿਆ ਸੀ ਤੇ ਉਨ੍ਹਾਂ ਤੋਂ ਇਲਾਵਾ 25 ਤੋਂ 30 ਹੋਰ ਨੀਟ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਤੋਂ ਪਹਿਲਾਂ ਇਸ ਨੂੰ ਯਾਦ ਕਰ ਲਿਆ ਸੀ।

LEAVE A REPLY

Please enter your comment!
Please enter your name here