ਰਾਜਕੋਟ : ਸਥਾਨਕ ਨਗਰ ਨਿਗਮ ਦੇ ਦੋ ਮੁਲਾਜ਼ਮਾਂ ਨੂੰ ਪਿਛਲੇ ਮਹੀਨੇ ਇੱਕ ਗੇਮਿੰਗ ਜ਼ੋਨ ’ਚ ਲੱਗੀ ਅੱਗ ਦੀ ਘਟਨਾ ਨਾਲ ਸੰਬੰਧਤ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਗਿਆ ਹੈ। ਘਟਨਾ ’ਚ 27 ਲੋਕਾਂ ਦੀ ਮੌਤ ਹੋ ਗਈ ਸੀ। ਪੁਲਸ ਨੇ ਦੱਸਿਆ ਕਿ ਟੀ ਆਰ ਪੀ ਗੇਮਿੰਗ ਜ਼ੋਨ ’ਚ 25 ਮਈ ਨੂੰ ਵਾਪਰੀ ਘਟਨਾ ਦੇ ਸੰਬੰਧ ’ਚ ਹੁਣ ਤੱਕ ਛੇ ਸਰਕਾਰੀ ਮੁਲਾਜ਼ਮਾਂ ਸਣੇ 12 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਪੁਲਸ ਦੇ ਡਿਪਟੀ ਕਮਿਸਨਰ (ਅਪਰਾਧ) ਪਾਰਥਰਾਜ ਸਿੰਘ ਗੋਹਿਲ ਨੇ ਦੱਸਿਆ ਕਿ ਸ਼ਹਿਰ ਦੀ ਅਪਰਾਧ ਰੋਕੂ ਸ਼ਾਖਾ ਨੇ ਸਨਿੱਚਰਵਾਰ ਰਾਜਕੋਟ ਨਗਰ ਨਿਗਮ ਦੇ ਅਸਿਸਟੈਂਟ ਟਾਊਨ ਪਲੈਨਿੰਗ ਅਫਸਰ ਰਾਜੇਸ਼ ਮਕਵਾਨਾ ਅਤੇ ਅਸਿਸਟੈਂਟ ਇੰਜੀਨੀਅਰ ਜੈਦੀਪ ਚੌਧਰੀ ਨੂੰ ਅੱਗ ਦੀ ਘਟਨਾ ਤੋਂ ਬਾਅਦ ਸਰਕਾਰੀ ਰਜਿਸਟਰ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਹੈ। ਉਨ੍ਹਾਂ ਟੀ ਆਰ ਪੀ ਗੇਮਿੰਗ ਜ਼ੋਨ ਨਾਲ ਸੰਬੰਧਤ ਸਰਕਾਰੀ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ ਅਤੇ ਜਾਲ੍ਹੀ ਦਸਤਾਵੇਜ਼ ਵੀ ਬਣਾਏ ਹਨ।


