ਨੀਟ ਵਿਵਾਦ ਦੀ ਜਾਂਚ ਸੁਪਰੀਮ ਕੋਰਟ ਵੱਲੋਂ ਨਿਯੁਕਤ ਅਧਿਕਾਰੀ ਕਰਨ : ਸਿੱਬਲ

0
163

ਨਵੀਂ ਦਿੱਲੀ : ਮੈਡੀਕਲ ਕਾਲਜਾਂ ’ਚ ਦਾਖਲੇ ਸੰਬੰਧੀ ਨੀਟ ਪ੍ਰੀਖਿਆ ਦੇ ਚੱਲ ਰਹੇ ਵਿਵਾਦ ਦਰਮਿਆਨ ਸਾਬਕਾ ਮਨੁੱਖੀ ਸਰੋਤ ਵਿਕਾਸ ਮੰਤਰੀ ਕਪਿਲ ਸਿੱਬਲ ਨੇ ਬੇਨੇਮੀਆਂ ਦੇ ਦੋਸ਼ਾਂ ਦੀ ਜਾਂਚ ਸੁਪਰੀਮ ਕੋਰਟ ਵੱਲੋਂ ਨਿਯੁਕਤ ਅਧਿਕਾਰੀਆਂ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾ ਨੇ ਇਹ ਵੀ ਅਪੀਲ ਕੀਤੀ ਕਿ ਸਰਕਾਰ ਵੱਲੋਂ ਪ੍ਰੀਖਿਆ ਕਰਵਾਉਣ ਲਈ ਰੂਪ-ਰੇਖਾ ਉਲੀਕਣ ਬਾਰੇ ਸਾਰੇ ਸੂਬਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇ। ਰਾਜ ਸਭਾ ਮੈਂਬਰ ਨੇ ਐਤਵਾਰ ਇਸ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਵਰ੍ਹਦਿਆਂ ਕਿਹਾ ਕਿ ਜੇ ਕਿਸੇ ਪ੍ਰੀਖਿਆ ’ਚ ਪ੍ਰੀਖਿਆ ਪ੍ਰਣਾਲੀ ਹੀ ਭਿ੍ਰਸ਼ਟ ਹੋ ਜਾਵੇ ਤਾਂ ਪ੍ਰਧਾਨ ਮੰਤਰੀ ਲਈ ਚੁੱਪ ਵੱਟਣਾ ਠੀਕ ਨਹੀਂ ਹੈ। ਸਿੱਬਲ ਨੇ ਵਿਰੋਧੀ ਧਿਰਾਂ ਨੂੰ ਸੰਸਦ ਦੇ ਆਉਦੇ ਸੈਸ਼ਨ ’ਚ ਇਹ ਮੁੱਦਾ ਜ਼ੋਰਦਾਰ ਤਰੀਕੇ ਨਾਲ ਚੁੱਕਣ ਦੀ ਅਪੀਲ ਵੀ ਕੀਤੀ। ਹਾਲਾਂਕਿ ਸਿੱਬਲ ਨੇ ਕਿਹਾ ਕਿ ਇਸ ’ਤੇ ਚਰਚਾ ਹੋਣ ਦੀ ਉਮੀਦ ਘੱਟ ਹੈ, ਕਿਉਂਕਿ ਸਰਕਾਰ ਇਹ ਮਾਮਲਾ ਸੁਪਰੀਮ ਕੋਰਟ ’ਚ ਵਿਚਾਰ ਅਧੀਨ ਹੋਣ ਦਾ ਹਵਾਲਾ ਦੇ ਕੇ ਇਸ ਦੀ ਆਗਿਆ ਨਹੀਂ ਦੇਵੇਗੀ। ਉਨ੍ਹਾ ਕਿਹਾਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਨੇ ਅਸਲ ’ਚ ਧਾਂਦਲੀ ਕੀਤੀ ਹੈ ਅਤੇ ਡਾਕਟਰ ਬਣਨ ਲਈ ਕਰਵਾਈ ਜਾਣ ਵਾਲੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਪਹਿਲਾਂ ਹੀ ਮੁਹੱਈਆ ਕਰਵਾਉਣ ਦੇ ਭਿ੍ਰਸ਼ਟ ਵਰਤਾਰੇ ਨੂੰ ਮੀਡੀਆ ਅਦਾਰਿਆਂ ਨੇ ਸਾਹਮਣੇ ਲਿਆਂਦਾ ਹੈ। ਸਿੱਬਲ ਮੁਤਾਬਕਗੁਜਰਾਤ ਦੀਆਂ ਕੁਝ ਘਟਨਾਵਾਂ ਤੋਂ ਮੈਂ ਹੈਰਾਨ ਹਾਂ ਤੇ ਇਹ ਦੇਸ਼ ਲਈ ਚਿੰਤਾ ਦਾ ਸਬੱਬ ਹੈ। ਮੈਨੂੰ ਲੱਗਦਾ ਹੈ ਕਿ ਐੱਨ ਟੀ ਏ ਵੱਲੋਂ ਇਨ੍ਹਾਂ ਗੰਭੀਰ ਸਵਾਲਾਂ ਦੇ ਜਵਾਬ ਦਿੱਤੇ ਜਾਣੇ ਚਾਹੀਦੇ ਹਨ। ਕਾਂਗਰਸ ਨੇ ਵੀ ਕਿਹਾ ਹੈ ਕਿ ਐੱਨ ਟੀ ਏ ਦੀ ਅਖੰਡਤਾ ਅਤੇ ਨੀਟ ਦੇ ਡਿਜ਼ਾਈਨ ਅਤੇ ਸੰਚਾਲਨ ਦੇ ਤਰੀਕੇ ’ਤੇ ਗੰਭੀਰ ਸਵਾਲ ਹਨ। ਉਸ ਨੇ ਉਮੀਦ ਜਤਾਈ ਕਿ ਜਦੋਂ ਸੰਸਦ ਦੀਆਂ ਨਵੀਂਆਂ ਸਥਾਈ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ, ਤਾਂ ਉਹ ਨੀਟ, ਐੱਨ ਟੀ ਏ ਅਤੇ ਐੱਨ ਸੀ ਈ ਆਰ ਟੀ ਦੀ ਚੰਗੀ ਤਰ੍ਹਾਂ ਸਮੀਖਿਆ ਕਰਨਗੀਆਂ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾਮੈਂ 2014 ਤੇ 2019 ਦਰਮਿਆਨ ਸਿਹਤ ਅਤੇ ਪਰਵਾਰ ਭਲਾਈ ਬਾਰੇ ਸੰਸਦੀ ਸਥਾਈ ਕਮੇਟੀ ਦਾ ਮੈਂਬਰ ਸੀ। ਮੈਨੂੰ ਉਸ ਸਮੇਂ ਨੀਟ ਨੂੰ ਮਿਲੀ ਵਿਆਪਕ ਸਹਾਇਤਾ ਯਾਦ ਹੈ, ਪਰ ਉੱਥੇ ਅਜਿਹੇ ਸੰਸਦ ਮੈਂਬਰ ਵੀ ਸਨ (ਖਾਸ ਤੌਰ ’ਤੇ ਤਾਮਿਲਨਾਡੂ ਤੋਂ) ਜਿਨ੍ਹਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਨੀਟ ਸੀ ਬੀ ਐੱਸ ਈ ਦੇ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਂਦੀ ਹੈ ਅਤੇ ਦੂਜੇ ਬੋਰਡਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਮੈਂ ਹੁਣ ਮਹਿਸੂਸ ਕਰਦਾ ਹਾਂ ਕਿ ਸੀ ਬੀ ਐੱਸ ਈ ਦੇ ਮੁੱਦੇ ਦਾ ਸਹੀ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਕੀ ਨੀਟ ਵਿਤਕਰੇ ਨਾਲ ਭਰੀ ਹੋਈ ਹੈ? ਕੀ ਗਰੀਬ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਮੌਕਿਆਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ? ਮਹਾਰਾਸ਼ਟਰ ਵਰਗੇ ਹੋਰ ਸੂਬਿਆਂ ਨੇ ਵੀ ਇਸ ਬਾਰੇ ਡੂੰਘੇ ਸ਼ੰਕੇ ਪ੍ਰਗਟ ਕੀਤੇ ਹਨ।

LEAVE A REPLY

Please enter your comment!
Please enter your name here