ਚੰਡੀਗੜ੍ਹ : ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸ ਦੇ ਮੰਨੇ-ਪ੍ਰਮੰਨੇ ਡਾਕਟਰ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਦੀ ਸਟਾਫ ਸਾਹਮਣੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਤੇ ਰੋਗੀ ਦੇ ਬੈੱਡ ‘ਤੇ ਲੇਟ ਜਾਣ ਲਈ ਮਜਬੂਰ ਕਰਨ ‘ਤੇ ਪੰਜਾਬ ਸੀ ਪੀ ਆਈ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਇੱਥੇ ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਘਟਨਾ ‘ਤੇ ਪ੍ਰਤੀਕਰਮ ਕਰਦਿਆਂ ਆਖਿਆ ਹੈ ਕਿ ਇਹ ਇਕ ਬਹੁਤ ਹੀ ਸ਼ਰਮਨਾਕ ਕਾਰਾ ਹੈ | ਜਿੱਥੇ ਇਕ ਸਿਹਤ ਮੰਤਰੀ ਹੰਕਾਰ ਨਾਲ ਭਰਿਆ ਤੇ ਫੋਕੀ ਸ਼ੋਹਰਤ ਵਾਸਤੇ 71 ਸਾਲਾ ਵਾਈਸ ਚਾਂਸਲਰ ਜਿਸ ਨੇ ਆਪਣੇ ਪ੍ਰੋਫੈਸ਼ਨ ਵਿਚ ਦੇਸ਼ ਦੁਨੀਆ ਵਿਚ ਨਾਮਣਾ ਖੱਟਿਆ ਹੋਇਆ ਹੋਵੇ, ਦੀ ਬੇਇੱਜ਼ਤੀ ਕਰਦਾ ਹੋਵੇ | ਸਾਥੀ ਬਰਾੜ ਨੇ ਆਖਿਆ ਕਿ ਇਸ ਪ੍ਰਕਾਰ ਦੀ ਨਾਟਕਬਾਜ਼ੀ ਨਾਲ ਨਹੀਂ, ਸਗੋਂ ਸਮੁੱਚੀਆਂ ਸਿਹਤ ਸੇਵਾਵਾਂ ਵਿਚ ਵੱਡੇ ਸੁਧਾਰਾਂ ਦੀ ਲੋੜ ਹੈ | ਜਿੱਥੇ ਡਾਕਟਰਾਂ, ਨਰਸਾਂ, ਟੈਕਨੀਸ਼ਨ ਸਟਾਫ ਅਤੇ ਸਫਾਈ ਸੇਵਕਾਂ ਦੀਆਂ ਖਾਲੀ ਅਸਾਮੀਆਂ ਹੋਣ, ਸਟਾਫ ਪੂਰਾ ਨਾ ਹੋਵੇ, ਠੇਕੇ ‘ਤੇ ਭਰਤੀ ਹੋਵੇ, ਸਮਾਜਿਕ ਸੁਰੱਖਿਆ ਨਾ ਹੋਵੇ, ਬੱਜਟ ਵਿਚੋਂ ਤੱੁਛ ਜਿਹੀ ਰਕਮ ਨਾਲ ਸੁਧਾਰ ਨਹੀਂ ਹੋ ਸਕਦਾ | ਸਾਥੀ ਬਰਾੜ ਨੇ ਮੰਗ ਕੀਤੀ ਕਿ ਸਿਹਤ ਮੰਤਰੀ ਬਿਨਾਂ ਕਿਸੇ ਦੇਰੀ ਦੇ ਮੁਆਫੀ ਮੰਗੇ ਨਹੀਂ ਤਾਂ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਅਜਿਹੇ ਹੈੈਂਕੜਬਾਜ਼ ਅਤੇ ਅਣਮਨੁੱਖੀ ਸੁਭਾਅ ਵਾਲੇ ਮੰਤਰੀ ਨੂੰ ਮੰਤਰੀ ਮੰਡਲ ਵਿੱਚੋਂ ਚੱਲਦਾ ਕਰੇ |