ਫਰੀਦਕੋਟ : ਇਥੋਂ ਦੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਸ਼ਨੀਵਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ | ਉਨ੍ਹਾ ਅਸਤੀਫਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤਾ ਹੈ | ਆਪਣੇ ਅਸਤੀਫ਼ੇ ਤੋਂ ਬਾਅਦ ਵੀ ਡਾ. ਰਾਜ ਬਹਾਦਰ ਮਰੀਜ਼ਾਂ ਦਾ ਇਲਾਜ ਕਰਨ ‘ਚ ਲੱਗੇ ਰਹੇ | ਉਹ ਮੁਹਾਲੀ ਦੇ ਰਿਜਨਲ ਸਪਾਈਨ ਇੰਜਰੀ ਸੈਂਟਰ (ਆਰ ਐੱਸ ਆਈ ਸੀ) ‘ਚ ਸਰਜਰੀ ਕਰ ਰਹੇ ਹਨ | ਅਸਤੀਫੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾ ਦੇ ਅੱਖਾਂ ‘ਚੋਂ ਅੱਥਰੂ ਆ ਗਏ | ਉਨ੍ਹਾ ਕਿਹਾ—ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਭ ਕੁਝ ਦੱਸ ਦਿੱਤਾ ਹੈ, ਇਹ ਕੰਮ ਕਰਨ ਲਾਇਕ ਮਾਹੌਲ ਨਹੀਂ ਹੈ | ਉਹ ਪਿਛਲੇ ਨੌਂ ਸਾਲ ਤੋਂ ਇਸ ਅਹੁਦੇ ਉਪਰ ਸਨ | ਡਾ. ਰਾਜ ਬਹਾਦਰ ਨੇ ਕਿਹਾ ਕਿ ਬੀਤੇ ਕੱਲ੍ਹ ਫਰੀਦਕੋਟ ‘ਚ ਮੰਤਰੀ ਚੈਕਿੰਗ ਲਈ ਆਏ ਸਨ | ਮੈਡੀਕਲ ਕਾਲਜ ‘ਚ 1100 ਗੱਦੇ ਹਨ, ਸਾਰੇ ਖਰਾਬ ਨਹੀਂ ਹਨ | ਮੰਤਰੀ ਨੇ ਪੁੱਛਿਆ ਕਿ ਗੱਦੇ ਕਿਉਂ ਖਰਾਬ ਹਨ ਤਾਂ ਉਨ੍ਹਾ ਨੂੰ ਦੱਸਿਆ ਗਿਆ ਕਿ ਇਸ ਦਾ ਆਰਡਰ ਦਿੱਤਾ ਜਾ ਰਿਹਾ ਹੈ | ਕਿਸੇ ਵੀ ਚੀਜ਼ ਨੂੰ ਖਰੀਦਣ ‘ਚ 9 ਮਹੀਨੇ ਦਾ ਸਮਾਂ ਲੱਗਦਾ ਹੈ | ਇਸ ਦੇ ਨਾਲ ਹੀ ਵਾਈਸ ਚਾਂਸਲਰ ਦੇ ਸਕੱਤਰ ਓ ਪੀ ਚੌਧਰੀ ਨੇ ਵੀ ਅਸਤੀਫਾ ਦੇ ਦਿੱਤਾ ਹੈ |
ਯੂਨੀਵਰਸਿਟੀ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਚ ਸਫਾਈ ਅਤੇ ਹੋਰ ਪ੍ਰਸ਼ਾਸਨਿਕ ਪ੍ਰਬੰਧ ਦਰੁਸਤ ਨਾ ਹੋਣ ਕਾਰਨ ਇਕ ਦਿਨ ਪਹਿਲਾਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਇਥੇ ਆ ਕੇ ਵਾਈਸ ਚਾਂਸਲਰ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ | ਸ਼ੁੱਕਰਵਾਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦਾ ਦੌਰਾ ਕਰਨ ਆਏ ਸਿਹਤ ਮੰਤਰੀ ਨੇ ਵਾਰਡ ਦੇ ਗੰਦੇ ਬਿਸਤਰੇ ‘ਤੇ ਵੀ ਸੀ ਨੂੰ ਪੈਣ ਲਈ ਕਥਿਤ ਤੌਰ ‘ਤੇ ਮਜਬੂਰ ਕਰ ਦਿੱਤਾ ਸੀ | ਇਸ ਤੋਂ ਦੁਖੀ ਹੋ ਕੇ ਉਨ੍ਹਾ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਡਾ. ਰਾਜੀਵ ਦੇਵਗਨ ਨੇ ਇਸ ਸੰਬੰਧ ‘ਚ ਆਪਣਾ ਪੱਤਰ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਤੇ ਡਾ. ਕੇ ਡੀ ਸਿੰਘ ਵੱਲੋਂ ਆਪਣਾ ਪੱਤਰ ਸਕੱਤਰ ਮੈਡੀਕਲ ਐਜੂਕੇਸ਼ਨ ਨੂੰ ਭੇਜਿਆ ਗਿਆ ਹੈ | ਦੋਵਾਂ ਨੇ ਭੇਜੇ ਆਪਣੇ ਪੱਤਰ ‘ਚ ਕੰਮ ਦੇ ਵਧੇਰੇ ਬੋਝ ਦਾ ਹਵਾਲਾ ਦਿੱਤਾ ਹੈ | ਡਾ. ਦੇਵਗਨ ਇਸ ਵੇਲੇ ਕੈਂਸਰ ਵਿਭਾਗ ਦੇ ਮੁਖੀ ਵੀ ਹਨ ਅਤੇ ਉਨ੍ਹਾ ਕੋਲ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਦਾ ਵਾਧੂ ਚਾਰਜ ਹੈ | ਡਾ. ਕੇ ਡੀ ਸਿੰਘ ਇਸ ਵੇਲੇ ਮਾਇਕ੍ਰੋਬਾਇਲੋਜੀ ਵਿਭਾਗ ਦੇ ਪ੍ਰੋਫੈਸਰ ਹਨ ਅਤੇ ਉਨ੍ਹਾ ਕੋਲ ਮੈਡੀਕਲ ਸੁਪਰਡੈਂਟ ਦਾ ਵਾਧੂ ਚਾਰਜ ਹੈ | ਦੋਵਾਂ ਨੇ ਲਿਖਿਆ ਕਿ ਵਾਧੂ ਚਾਰਜ ਕਾਰਨ ਉਨ੍ਹਾਂ ਦੇ ਆਪੋ-ਆਪਣੇ ਵਿਭਾਗ ਦਾ ਕੰਮ ਪ੍ਰਭਾਵਤ ਹੋ ਰਿਹਾ ਹੈ | ਭਾਵੇਂ ਉਨ੍ਹਾਂ ਆਪਣੇ ਪੱਤਰਾਂ ‘ਚ ਵਿਭਾਗ ਛੱਡਣ ਦੇ ਕਾਰਨ ਕੁਝ ਹੋਰ ਦੱਸੇ ਹਨ, ਪਰ ਇਹ ਪੇਸ਼ਕਸ਼ ਉਸ ਵੇਲੇ ਕੀਤੀ ਗਈ ਹੈ, ਜਦੋਂ ਬੀਤੇ ਕੱਲ੍ਹ ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਸਿਹਤ ਮੰਤਰੀ ਵੱਲੋਂ ਸ਼ਰਮਿੰਦਾ ਕੀਤਾ ਗਿਆ |