ਨਵੀਂ ਦਿੱਲੀ : ਦਿੱਲੀ ਵਿੱਚ ਪਾਣੀ ਸੰਕਟ ਨੂੰ ਲੈ ਕੇ ਭਾਜਪਾ ਵਰਕਰਾਂ ਨੇ ਐਤਵਾਰ ਛਤਰਪੁਰ ਇਲਾਕੇ ’ਚ ਦਿੱਲੀ ਜਲ ਬੋਰਡ ਦੇ ਦਫਤਰ ’ਚ ਭੰਨਤੋੜ ਕੀਤੀ। ਇਸ ਕਾਰਨ ਆਮ ਆਦਮੀ ਪਾਰਟੀ ਅਤੇ ਭਾਜਪਾ ਆਹਮੋ-ਸਾਹਮਣੇ ਹੋ ਗਏ ਹਨ। ਦਵਾਰਕਾ ’ਚ ਵੀ ਪਾਣੀ ਨੂੰ ਲੈ ਕੇ ਹੋਈ ਲੜਾਈ ’ਚ ਤਿੰਨ ਵਿਅਕਤੀ ਜ਼ਖਮੀ ਹੋ ਗਏ। ਭਾਜਪਾ ਆਗੂ ਰਮੇਸ਼ ਬਿਧੂੜੀ ਨੇ ਕਿਹਾਜਦੋਂ ਲੋਕ ਨਾਰਾਜ਼ ਹੁੰਦੇ ਹਨ ਤਾਂ ਉਹ ਕੁਝ ਵੀ ਕਰ ਸਕਦੇ ਹਨ। ਮੈਂ ਉਨ੍ਹਾਂ ਭਾਜਪਾ ਵਰਕਰਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਲੋਕਾਂ ਨੂੰ ਕਾਬੂ ਕੀਤਾ। ਇਹ ਸਰਕਾਰ ਅਤੇ ਲੋਕਾਂ ਦੀ ਜਾਇਦਾਦ ਹੈ। ਇਸ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਲਾਭ ਨਹੀਂ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਜਨਤਕ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਉਣ।
ਆਮ ਆਦਮੀ ਪਾਰਟੀ ਨੇ ਐੱਕਸ ’ਤੇ ਪੋਸਟ ਕਰਦਿਆਂ ਕਿਹਾ ਕਿ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੇ ਗੁੰਡਾਗਰਦੀ ਕੀਤੀ ਹੈ। ਭਾਜਪਾ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਭਾਜਪਾ ਵਰਕਰਾਂ ਨੇ ਦਿੱਲੀ ਜਲ ਬੋਰਡ ਦੇ ਦਫਤਰ ਦੀ ਭੰਨਤੋੜ ਕੀਤੀ। ਇੱਕ ਪਾਸੇ ਹਰਿਆਣਾ ਦੀ ਭਾਜਪਾ ਸਰਕਾਰ ਦਿੱਲੀ ਦਾ ਸਹੀ ਪਾਣੀ ਰੋਕ ਰਹੀ ਹੈ, ਦੂਜੇ ਪਾਸੇ ਭਾਜਪਾ ਦਿੱਲੀ ਵਾਸੀਆਂ ਦੀ ਜਾਇਦਾਦ ਦਾ ਨੁਕਸਾਨ ਕਰ ਰਹੀ ਹੈ। ਆਖਰ ਉਹ ਦਿੱਲੀ ਵਾਲਿਆਂ ਨਾਲ ਐਨੀ ਨਫਰਤ ਕਿਉਂ ਕਰਦੇ ਹਨ?



