ਜਲੰਧਰ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ)-ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ‘ਚ ਚੋਣ ਸਰਗਰਮੀਆਂ ਸੋਮਵਾਰ ਚਾਣਚੱਕ ਤੇਜ਼ ਹੋ ਗਈਆਂ ਜਦੋਂ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਅਤੇ ਭਾਜਪਾ ਨੇ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਨੂੰ ਮੈਦਾਨ ਵਿਚ ਉਤਾਰਨ ਦਾ ਐਲਾਨ ਕਰ ਦਿੱਤਾ | ਜ਼ਿਮਨੀ ਚੋਣ ਲਈ ਵੋਟਿੰਗ 10 ਜੁਲਾਈ ਨੂੰ ਅਤੇ ਵੋਟਾਂ ਦੀ ਗਿਣਤੀ 13 ਜੁਲਾਈ ਨੂੰ ਹੋਵੇਗੀ | 2022 ਦੀਆਂ ਚੋਣਾਂ ਦੌਰਾਨ ਵੀ ਮਹਿੰਦਰ ਭਗਤ ਤੇ ਸ਼ੀਤਲ ਅੰਗੂਰਾਲ ਇੱਕ-ਦੂਜੇ ਦੇ ਵਿਰੁੱਧ ਲੜੇ ਸਨ | ਉਦੋਂ ਮਹਿੰਦਰ ਭਗਤ ਭਾਜਪਾ ਦੇ ਤੇ ਸ਼ੀਤਲ ਅੰਗੂਰਾਲ ‘ਆਪ’ ਦੇ ਉਮੀਦਵਾਰ ਸਨ | ਅੰਗੂਰਾਲ ਨੇ ਉਦੋਂ ਕਾਂਗਰਸੀ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਹਰਾ ਕੇ ਸੀਟ ਜਿੱਤੀ ਸੀ | ਖੇਡ ਸਾਮਾਨ ਦਾ ਕਾਰਖਾਨਾ ਚਲਾਉਂਦੇ ਮਹਿੰਦਰ ਭਗਤ ਭਾਜਪਾ ਦੇ ਸੀਨੀਅਰ ਆਗੂ ਤੇ ਬਾਦਲ ਸਰਕਾਰ ‘ਚ ਮੰਤਰੀ ਰਹੇ ਚੂਨੀ ਲਾਲ ਭਗਤ ਦੇ ਪੁੱਤਰ ਹਨ | ਉਹ 2023 ਵਿਚ ਆਪ ‘ਚ ਸ਼ਾਮਲ ਹੋਏ ਸਨ | ‘ਆਪ’ ਵਿਧਾਇਕ ਸ਼ੀਤਲ ਅੰਗੂਰਾਲ ਦੇ ਅਸਤੀਫੇ ਤੋਂ ਬਾਅਦ ਜ਼ਿਮਨੀ ਚੋਣ ਲਾਜ਼ਮੀ ਹੋ ਗਈ ਸੀ | ਅੰਗੂਰਾਲ ਨੇ ਜਲੰਧਰ ਦੇ ਤੱਤਕਾਲੀ ਸੰਸਦ ਮੈਂਬਰ ਸੁਸ਼ੀਲ ਰਿੰਕੂ ਨਾਲ ਮਿਲ ਕੇ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ ਅਤੇ ਭਾਜਪਾ ‘ਚ ਸ਼ਾਮਲ ਹੋ ਗਏ ਸਨ | ਭਾਜਪਾ ‘ਚ ਸ਼ਾਮਲ ਹੋਣ ਤੋਂ ਇਕ ਦਿਨ ਬਾਅਦ ਅੰਗੂਰਾਲ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ | ਵਿਧਾਨ ਸਭਾ ਸਪੀਕਰ ਨੇ 30 ਮਈ ਨੂੰ ਅੰਗੂਰਾਲ ਦਾ ਅਸਤੀਫਾ ਸਵੀਕਾਰ ਕਰ ਲਿਆ ਸੀ |





