ਨਵੀਂ ਦਿੱਲੀ : ਜੇ ਆਪੋਜ਼ੀਸ਼ਨ ਪਾਰਟੀਆਂ ਅਗਲੇ ਹਫਤੇ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਸਰਕਾਰ ਨੂੰ ਵੋਟਾਂ ਪੁਆਉਣ ਲਈ ਮਜਬੂਰ ਕਰਦੀਆਂ ਹਨ ਤਾਂ ਆਜ਼ਾਦ ਭਾਰਤ ਵਿਚ ਇਹ ਪਹਿਲੀ ਮਿਸਾਲ ਹੋਵੇਗੀ, ਕਿਉਂਕਿ ਹੁਣ ਤੱਕ ਆਮ ਸਹਿਮਤੀ ਨਾਲ ਹੀ ਸਪੀਕਰ ਬਣਦੇ ਆਏ ਹਨ |
ਆਜ਼ਾਦੀ ਤੋਂ ਪਹਿਲਾਂ 24 ਅਗਸਤ 1925 ਨੂੰ ਸੈਂਟਰਲ ਲੈਜਿਸਲੇਟਿਵ ਅਸੈਂਬਲੀ (ਉਦੋਂ ਲੋਕ ਸਭਾ ਇਸੇ ਨਾਂਅ ਨਾਲ ਜਾਣੀ ਜਾਂਦੀ ਸੀ) ਦੀ ਚੋਣ ਹੋਈ ਸੀ, ਜਿਸ ਵਿਚ ਸਵਰਾਜਿਸਟ ਪਾਰਟੀ ਦੇ ਉਮੀਦਵਾਰ ਵਿੱਠਲ ਭਾਈ ਜੇ ਪਟੇਲ ਨੇ ਟੀ ਰੰਗਾਚਾਰੀਅਰ ਨੂੰ ਦੋ ਵੋਟਾਂ ਨਾਲ ਹਰਾਇਆ ਸੀ | ਪਟੇਲ ਨੂੰ 58 ਤੇ ਰੰਗਾਚਾਰੀਅਰ ਨੂੰ 56 ਵੋਟਾਂ ਮਿਲੀਆਂ ਸਨ | 2024 ਦੀਆਂ ਲੋਕ ਸਭਾ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕਰਕੇ ਆਪੋਜ਼ੀਸ਼ਨ ਪਾਰਟੀਆਂ ਦਾ ਗੱਠਜੋੜ ‘ਇੰਡੀਆ’ ਡਿਪਟੀ ਸਪੀਕਰ ਦਾ ਅਹੁਦਾ ਮੰਗ ਰਿਹਾ ਹੈ, ਜੋ ਕਿ ਆਪੋਜ਼ੀਸ਼ਨ ਪਾਰਟੀ ਦੇ ਮੈਂਬਰ ਨੂੰ ਦੇਣ ਦੀ ਰਵਾਇਤ ਰਹੀ ਹੈ | ਮੋਦੀ ਸਰਕਾਰ ਨੇ ਇਹ ਰਵਾਇਤ ਤੋੜ ਦਿੱਤੀ ਸੀ ਤੇ ਡਿਪਟੀ ਸਪੀਕਰ ਨਿਯੁਕਤ ਹੀ ਨਹੀਂ ਹੋਣ ਦਿੱਤਾ ਸੀ | ਇਕ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਜੇ ਆਪੋਜ਼ੀਸ਼ਨ ਨੂੰ ਡਿਪਟੀ ਸਪੀਕਰ ਦਾ ਅਹੁਦਾ ਨਾ ਮਿਲਿਆ ਤਾਂ ਉਹ ਸਰਕਾਰ ਨੂੰ ਸਪੀਕਰ ਦੇ ਅਹੁਦੇ ਲਈ ਵੋਟਾਂ ਪੁਆਉਣ ‘ਤੇ ਮਜਬੂਰ ਕਰੇਗੀ | 18ਵੀਂ ਲੋਕ ਸਭਾ ਦਾ ਪਹਿਲਾ ਅਜਲਾਸ 24 ਜੂਨ ਤੋਂ ਸ਼ੁਰੂ ਹੋਣਾ ਹੈ | ਨਵੇਂ ਮੈਂਬਰਾਂ ਦੇ ਸਹੁੰ ਚੁੱਕਣ ਤੋਂ ਬਾਅਦ ਸਪੀਕਰ ਦੀ ਚੋਣ ਕੀਤੀ ਜਾਵੇਗੀ | ਇੰਡੀਆ ਗੱਠਜੋੜ ਕੋਲ 233 ਮੈਂਬਰ ਹਨ, ਜਦਕਿ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਕੋਲ 293 ਮੈਂਬਰ | ਭਾਜਪਾ ਦੀਆਂ 240 ਸੀਟਾਂ ਹਨ, ਜਦਕਿ ਤੇਲਗੂ ਦੇਸਮ 16 ਮੈਂਬਰਾਂ ਤੇ ਜਨਤਾ ਦਲ ਯੂ 12 ਮੈਂਬਰਾਂ ਨਾਲ ਭਾਜਪਾ ਦੀਆਂ ਵੱਡੀਆਂ ਇਤਿਹਾਦੀ ਪਾਰਟੀਆਂ ਹਨ | ਆਪੋਜ਼ੀਸ਼ਨ ਵਾਲੇ ਤੇਲਗੂ ਦੇਸਮ ‘ਤੇ ਜ਼ੋਰ ਪਾ ਰਹੇ ਹਨ ਕਿ ਉਹ ਸਪੀਕਰ ਦਾ ਅਹੁਦਾ ਮੰਗੇ, ਨਹੀਂ ਤਾਂ ਭਾਜਪਾਈ ਉਸ ਨੂੰ ਤੋੜ ਸਕਦੇ ਹਨ | ਸ਼ਿਵ ਸੈਨਾ (ਯੂ ਬੀ ਟੀ) ਦੇ ਆਗੂ ਸੰਜੇ ਰਾਊਤ ਨੇ ਐਤਵਾਰ ਕਿਹਾ ਸੀ ਕਿ ਭਾਜਪਾ ਉਨ੍ਹਾਂ ਪਾਰਟੀਆਂ ਨਾਲ ਧੋਖਾ ਕਰਦੀ ਹੈ, ਜਿਹੜੀਆਂ ਉਸ ਦੀ ਹਮਾਇਤ ਕਰਦੀਆਂ ਹਨ | ਜਨਤਾ ਦਲ ਯੂ ਨੇ ਤਾਂ ਐਲਾਨ ਕਰ ਦਿੱਤਾ ਹੈ ਕਿ ਉਹ ਸਪੀਕਰ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਦੀ ਹਮਾਇਤ ਕਰੇਗੀ, ਪਰ ਤੇਲਗੂ ਦੇਸਮ ਸਰਬਸੰਮਤੀ ਵਾਲਾ ਉਮੀਦਵਾਰ ਚਾਹੁੰਦੀ ਹੈ |
ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦੇ ਸਪੀਕਰ ਦੇ ਅਹੁਦੇ ਲਈ 1925 ਤੋਂ 1946 ਤੱਕ 6 ਵਾਰ ਚੋਣ ਹੋਈ ਸੀ | ਆਜ਼ਾਦੀ ਤੋਂ ਬਾਅਦ ਆਮ ਸਹਿਮਤੀ ਨਾਲ ਹੀ ਸਪੀਕਰ ਚੁਣੇ ਜਾਂਦੇ ਰਹੇ ਹਨ | ਐੱਮ ਏ ਅਯੰਗਰ, ਗੁਰਦਿਆਲ ਸਿੰਘ ਢਿੱਲੋਂ, ਬਲਰਾਮ ਜਾਖੜ ਤੇ ਜੀ ਐੱਮ ਸੀ ਬਾਲਯੋਗੀ ਦੁਬਾਰਾ ਚੁਣੇ ਜਾਂਦੇ ਰਹੇ | ਅਯੰਗਰ ਲੋਕ ਸਭਾ ਦੇ ਪਹਿਲੇ ਡਿਪਟੀ ਸਪੀਕਰ ਬਣੇ ਸਨ | 1956 ਵਿਚ ਜੀ ਵੀ ਮਾਵਲੰਕਰ ਦੀ ਮੌਤ ਤੋਂ ਬਾਅਦ ਉਹ ਸਪੀਕਰ ਚੁਣੇ ਗਏ | 1957 ਦੀ ਆਮ ਚੋਣ ਜਿੱਤ ਕੇ ਉਹ ਦੂਜੀ ਵਾਰ ਸਪੀਕਰ ਬਣੇ | ਢਿੱਲੋਂ 1969 ਵਿਚ ਐੱਨ ਸੰਜੀਵਾ ਰੈਡੀ ਦੇ ਅਸਤੀਫੇ ਤੋਂ ਬਾਅਦ ਚੌਥੀ ਲੋਕ ਸਭਾ ਦੇ ਸਪੀਕਰ ਬਣੇ | ਢਿੱਲੋਂ 1971 ਵਿਚ ਪੰਜਵੀਂ ਲੋਕ ਸਭਾ ਦੇ ਵੀ ਸਪੀਕਰ ਬਣੇ ਤੇ ਐਮਰਜੈਂਸੀ ਦੌਰਾਨ ਅਸਤੀਫਾ ਦੇਣ ਤੱਕ ਪਹਿਲੀ ਦਸੰਬਰ 1975 ਤੱਕ ਸਪੀਕਰ ਰਹੇ | ਜਾਖੜ ਸੱਤਵੀਂ ਤੇ ਅੱਠਵੀਂ ਲੋਕ ਸਭਾ ਦੇ ਸਪੀਕਰ ਬਣੇ ਅਤੇ ਦੋਨੋਂ ਵਾਰ ਮਿਆਦ ਪੂਰੀ ਕਰਨ ਵਾਲੇ ਪਹਿਲੇ ਸਪੀਕਰ ਰਹੇ | ਤੇਲਗੂ ਦੇਸਮ ਦੇ ਬਾਲਯੋਗੀ 12 ਵੀਂ ਲੋਕ ਸਭਾ ਦੇ ਸਪੀਕਰ ਚੁਣੇ ਗਏ | ਉਹ 19 ਮਹੀਨੇ ਇਸ ਅਹੁਦੇ ‘ਤੇ ਰਹੇ | 12 ਅਕਤੂਬਰ 1999 ਨੂੰ ਉਹ 13ਵੀਂ ਲੋਕ ਸਭਾ ਦੇ ਸਪੀਕਰ ਚੁਣੇ ਗਏ ਤੇ 3 ਮਾਰਚ 2002 ਨੂੰ ਹੈਲੀਕਾਪਟਰ ਹਾਦਸੇ ਵਿਚ ਮਾਰੇ ਜਾਣ ਤੱਕ ਇਸ ਅਹੁਦੇ ‘ਤੇ ਰਹੇ |




