25.5 C
Jalandhar
Saturday, September 7, 2024
spot_img

ਦਾਲ ‘ਚ ਕੁਝ ਕਾਲਾ ਹੈ

ਟੈਸਲਾ ਤੇ ਸਪੇਸਐੱਕਸ ਦੇ ਚੀਫ ਐਲੋਨ ਮਸਕ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ ਵੀ ਐੱਮ) ਦੇ ਹੈਕਿੰਗ ਬਾਰੇ ਦਿੱਤੇ ਬਿਆਨ ਤੋਂ ਬਾਅਦ ਇਕ ਵਾਰ ਫਿਰ ਇਸ ਸੰਬੰਧੀ ਵਿਵਾਦ ਸ਼ੁਰੂ ਹੋ ਗਿਆ ਹੈ | ਐਲੋਨ ਮਸਕ ਨੇ 15 ਜੂਨ ਨੂੰ ਐੱਕਸ ਉੱਤੇ ਲਿਖਿਆ ਸੀ, ”ਸਾਨੂੰ ਈ ਵੀ ਐੱਮ ਮਸ਼ੀਨਾਂ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ | ਇਨਸਾਨਾਂ ਜਾਂ ਏ ਆਈ ਰਾਹੀਂ ਹੈਕ ਕੀਤੇ ਜਾਣ ਦਾ ਖਤਰਾ ਹਾਲਾਂਕਿ ਛੋਟਾ ਹੈ, ਫਿਰ ਵੀ ਬਹੁਤ ਵੱਡਾ ਹੈ |”
ਭਾਰਤ ਵਿੱਚ ਚੋਣਾਂ ਈ ਵੀ ਐੱਮ ਰਾਹੀਂ ਹੁੰਦੀਆਂ ਹਨ | ਹਰ ਚੋਣ ਤੋਂ ਬਾਅਦ ਈ ਵੀ ਐੱਮ ਦੀ ਭਰੋਸੇਯੋਗਤਾ ਉੱਤੇ ਸਵਾਲ ਉਠਦੇ ਰਹੇ ਹਨ | ਮੌਜੂਦਾ ਚੋਣਾਂ ਵਿੱਚ ਵੀ ਵਿਰੋਧੀ ਪਾਰਟੀਆਂ ਦੇ ਆਗੂ ਆਪਣਾ ਸ਼ੱਕ ਪ੍ਰਗਟ ਕਰ ਰਹੇ ਹਨ | ਸਿਰਫ ਇੱਕੋ-ਇੱਕ ਪਾਰਟੀ ਭਾਜਪਾ ਹੈ, ਜਿਸ ਨੂੰ ਈ ਵੀ ਐੱਮ ‘ਤੇ ਆਪਣੇ ਨਾਲੋਂ ਵੀ ਵੱਧ ਭਰੋਸਾ ਹੈ | ਇਹੋ ਕਾਰਨ ਹੈ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਅੰਗਾਤਮਕ ਲਹਿਜ਼ੇ ਵਿੱਚ ਬਿਆਨ ਦਿੱਤਾ ਸੀ, ”ਈ ਵੀ ਐੱਮ ਮਰ ਗਈ ਹੈ ਕਿ ਜ਼ਿੰਦਾ ਹੈ |”
ਜਦੋਂ ਭਾਜਪਾ ਵਿਰੋਧੀ ਧਿਰ ਵਿੱਚ ਹੁੰਦੀ ਸੀ, ਉਦੋਂ ਉਸ ਨੂੰ ਵੀ ਈ ਵੀ ਐੱਮ ਉੱਤੇ ਭਰੋਸਾ ਨਹੀਂ ਹੁੰਦਾ ਸੀ | ਚੋਣ ਮਾਹਰ ਤੇ ਭਾਜਪਾ ਆਗੂ ਜੇ ਵੀ ਐੱਲ ਨਰਸਿਮਹਾ ਰਾਓ ਨੇ ਤਾਂ ਇਸ ਸੰਬੰਧੀ ‘ਡੈਮੋਕਰੇਸੀ ਐਟ ਰਿਸਕ’ ਨਾਮੀ ਲੇਖ ਲਿਖ ਕੇ ਆਪਣਾ ਵਿਰੋਧ ਪ੍ਰਗਟਾਇਆ ਸੀ | ਨਾਗਰਿਕ ਸਮਾਜ ਤਾਂ ਸ਼ੁਰੂ ਤੋਂ ਹੀ ਇਹ ਸਵਾਲ ਚੁੱਕਦਾ ਰਿਹਾ ਹੈ | ਮਾਮਲਾ ਸੁਪਰੀਮ ਕੋਰਟ ਵਿੱਚ ਵੀ ਪੁੱਜਾ, ਪ੍ਰੰਤੂ ਸ਼ੱਕ ਦੂਰ ਨਹੀਂ ਕੀਤੇ ਗਏ |
ਲੋਕਤੰਤਰ ਵਿੱਚ ਭਰੋਸੇ ਦਾ ਬਹੁਤ ਮਹੱਤਵ ਹੁੰਦਾ ਹੈ | ਚੋਣ ਪ੍ਰਕ੍ਰਿਆ ਉੱਤੇ ਵਾਰ-ਵਾਰ ਸ਼ੱਕ ਹੋਣਾ ਲੋਕਤੰਤਰ ਦੇ ਹਿੱਤ ਵਿੱਚ ਨਹੀਂ ਹੈ | ਲੋਕਤੰਤਰ ਉਹ ਵਿਵਸਥਾ ਹੈ, ਜਿਸ ਦੀ ਬੁਨਿਆਦ ਵਿਸ਼ਵਾਸ ਹੁੰਦੀ ਹੈ | ਵਿਸ਼ਵਾਸ ਦੀ ਅਣਹੋਂਦ ਲੋਕਤੰਤਰ ਨੂੰ ਤਹਿਸ-ਨਹਿਸ ਕਰ ਦਿੰਦੀ ਹੈ |
ਭਾਰਤ ਵਿੱਚ ਮੱਧ ਵਰਗ ਦੀ ਥਾਂ ਗਰੀਬ ਲੋਕਾਂ ਦੀ ਲੋਕਤੰਤਰ ਵਿੱਚ ਡੂੰਘੀ ਆਸਥਾ ਹੈ | ਇਹ ਲੋਕ ਲੋਕਤੰਤਰਿਕ ਸਰਕਾਰ ਤੋਂ ਆਪਣੇ ਕਲਿਆਣ ਦੀ ਉਮੀਦ ਰੱਖਦੇ ਹਨ | ਇਸੇ ਕਾਰਨ ਉਹ ਚੋਣ ਪ੍ਰਕ੍ਰਿਆ ਵਿੱਚ ਜੀ-ਜਾਨ ਨਾਲ ਭਾਗ ਲੈਂਦੇ ਹਨ | ਇਸ ਲਈ ਚੋਣ ਪ੍ਰਕ੍ਰਿਆ ਦੀ ਭਰੋਸੇਯੋਗਤਾ ਵੋਟਰ ਦੀ ਲੋਕਤੰਤਰ ਪ੍ਰਤੀ ਆਸਥਾ ਲਈ ਬੇਹੱਦ ਜ਼ਰੂਰੀ ਹੈ |
ਈ ਵੀ ਐੱਮ ਰਾਹੀਂ ਚੋਣ ਪ੍ਰਕ੍ਰਿਆ ਬਾਰੇ ਸ਼ੰਕਿਆਂ ਦਾ ਕੋਈ ਠੋਸ ਹੱਲ ਕੱਢਿਆ ਜਾਣਾ ਬੇਹੱਦ ਜ਼ਰੂਰੀ ਹੈ | ਸੱਤਾਧਾਰੀ ਧਿਰ ਦੀ ਅੜੀ ਇਸ ਪ੍ਰੀਕ੍ਰਿਆ ਨੂੰ ਹੋਰ ਸ਼ੱਕੀ ਬਣਾਉਂਦੀ ਹੈ | ਇਸ ਕਰਕੇ ਐਲੋਨ ਮਸਕ ਦਾ ਬਿਆਨ ਭਾਜਪਾ ਨੂੰ ਪਸੰਦ ਨਹੀਂ ਆਇਆ | ਉਸ ਨੇ ਸਾਬਕਾ ਮੰਤਰੀ ਰਾਜੀਵ ਚੰਦਰਸ਼ੇਖਰ ਰਾਹੀਂ ਇਸ ਦਾ ਜਵਾਬ ਦਿੱਤਾ ਹੈ | ਉਸ ਨੇ ਐੱਕਸ ਉੱਤੇ ਲਿਖਿਆ ਹੈ, ”ਇਹ ਇੱਕ ਚਲਦਾ-ਫਿਰਦਾ ਬਿਆਨ ਹੈ | ਇਸ ਦਾ ਅਰਥ ਇਹ ਹੈ ਕਿ ਕੋਈ ਵੀ ਡਿਜੀਟਲ ਹਾਰਡਵੇਅਰ ਨਹੀਂ ਬਣਾ ਸਕਦਾ | ਗਲਤ…ਈ ਵੀ ਐੱਮ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਵੇ, ਜਿਵੇਂ ਭਾਰਤ ਕਰ ਰਿਹਾ ਹੈ | ਸਾਨੂੰ ਇੱਕ ਟਿਊਟੋਰੀਅਲ ਚਲਾਉਣ ਵਿੱਚ ਖੁਸ਼ੀ ਹੋਵੇਗੀ, ਐਲੋਨ |” ਯਾਨਿ ਚੰਦਰਸ਼ੇਖਰ ਨੇ ਐਲੋਨ ਮਸਕ ਦਾ ਮਖੌਲ ਉਡਾਉਂਦਿਆਂ ਕਿਹਾ ਹੈ ਕਿ ਉਹ ਉਸ ਨੂੰ ਇਸ ਮਾਮਲੇ ਵਿੱਚ ਟਿਊਸ਼ਨ ਦੇ ਸਕਦਾ ਹੈ |
ਭਾਰਤ ਵਿੱਚ ਈ ਵੀ ਐੱਮ ਸਮੁੱਚੇ ਲੋਕਾਂ ਦੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ | ਬਹੁਤ ਸਾਰੇ ਐੱਨ ਜੀ ਓ ਇਸ ਨੂੰ ਅਦਾਲਤ ਵਿੱਚ ਲੈ ਕੇ ਗਏ ਹਨ | ਇਨ੍ਹਾਂ ਸਭ ਨੂੰ ਸ਼ੱਕ ਹੈ ਕਿ ਸੱਤਾਧਾਰੀ ਦਲ ਜਿੱਤਣ ਲਈ ਈ ਵੀ ਐੱਮ ਵਿੱਚ ਜ਼ਰੂਰ ਕੋਈ ਗੜਬੜ ਕਰਦਾ ਹੈ | ਚੰਦਰਸ਼ੇਖਰ ਦਾ ਬਿਆਨ ਇਸ ਧਾਰਨਾ ਨੂੰ ਹੋਰ ਮਜ਼ਬੂਤ ਕਰਦਾ ਹੈ | ਲੋਕ ਸੋਚਦੇ ਹਨ ਕਿ ਈ ਵੀ ਐੱਮ ਦੀ ਥਾਂ ਵੋਟਾਂ ਬੈਲਟ ਪੇਪਰ ਰਾਹੀਂ ਕਰਾਉਣ ਤੋਂ ਭਾਜਪਾ ਭੱਜਦੀ ਕਿਉਂ ਹੈ? ਇਹੋ ਗੱਲ ਇਸ ਧਾਰਨਾ ਨੂੰ ਮਜ਼ਬੂਤ ਕਰਦੀ ਹੈ ਕਿ ‘ਦਾਲ ‘ਚ ਕੁਝ ਕਾਲਾ’ ਜ਼ਰੂਰ ਹੈ |

Related Articles

LEAVE A REPLY

Please enter your comment!
Please enter your name here

Latest Articles