ਪੀ ਆਰ ਟੀ ਸੀ ਹੈੱਡਕੁਆਰਟਰ ’ਤੇ 3 ਦੇ ਧਰਨੇ ’ਚ ਵੱਡੀ ਸ਼ਮੂਲੀਅਤ ਕਰਵਾਉਣ ਦਾ ਫੈਸਲਾ

0
170

ਪਟਿਆਲਾ : ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਦੇ ਦਫਤਰ ਵਿੱਚ ਮੰਗਲਵਾਰ 6 ਜਥੇਬੰਦੀਆਂਏਟਕ, ਇੰਟਕ, ਕਰਮਚਾਰੀ ਦਲ, ਐੱਸ ਸੀ ਬੀ ਸੀ, ਰਿਟਾਇਰ ਵਰਕਰਜ਼ ਭਾਈਚਾਰਾ ਯੂਨੀਅਨ ’ਤੇ ਆਧਾਰਤ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਨਿਰਮਲ ਸਿੰਘ ਧਾਲੀਵਾਲ ਦੀ ਕਨਵੀਨਰਸ਼ਿਪ ਹੇਠ ਹੋਈ, ਜਿਸ ਵਿੱਚ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖਟੜਾ, ਰਾਕੇਸ਼ ਕੁਮਾਰ, ਮਨਜਿੰਦਰ ਸ਼ਰਮਾ, ਉੱਤਮ ਸਿੰਘ ਬਾਗੜੀ ਅਤੇ ਮਨਜਿੰਦਰ ਕੁਮਾਰ ਵੱਖ-ਵੱਖ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸ਼ਾਮਲ ਹੋਏ। ਹੋਰ ਮਸਲੇ ਵਿਚਾਰਨ ਤੋਂ ਪਹਿਲਾਂ ਮਨਜਿੰਦਰ ਕੁਮਾਰ (ਬੱਬੂ ਸ਼ਰਮਾ) ਦੀ ਅਗਵਾਈ ਵਿੱਚ ਕੰਟਰੈਕਟ ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਆਜ਼ਾਦ ਨੂੰ ਬਕਾਇਦਾ ਤੌਰ ’ਤੇ ਸਾਂਝੀ ਐਕਸ਼ਨ ਕਮੇਟੀ ਵਿੱਚ ਸ਼ਾਮਲ ਕਰ ਲਿਆ ਗਿਆ।
ਐਕਸ਼ਨ ਕਮੇਟੀ ਦੀ ਖਚਾਖਚ ਭਰੇ ਹਾਲ ਵਿੱਚ ਹੋਈ ਮੀਟਿੰਗ ਵਿੱਚ ਵਰਕਰਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਦਿਆਂ ਤਹਿ ਕੀਤਾ ਗਿਆ ਕਿ 3 ਜੁਲਾਈ ਨੂੰ ਮੁੱਖ ਦਫਤਰ ਪੀ ਆਰ ਟੀ ਸੀ ਪਟਿਆਲਾ ਦੇ ਸਾਹਮਣੇ ਐਕਸ਼ਨ ਕਮੇਟੀ ਵਲੋਂ ਦਿੱਤੇ ਜਾ ਰਹੇ ਰੋਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਮੈਨੇਜਮੈਂਟ ਤੇ ਲੰਮੇ ਸਮੇਂ ਤੋਂ ਵਰਕਰਾਂ ਦੀਆਂ ਲਟਕਦੀਆਂ ਮੰਗਾਂ ਮਨਵਾਉਣ ਲਈ ਦਬਾਅ ਪਾਇਆ ਜਾਵੇਗਾ। ਇਹ ਵੀ ਤਹਿ ਕੀਤਾ ਗਿਆ ਕਿ ਕੰਟਰੈਕਟ ਵਰਕਰਾਂ ਦੀਆਂ ਕੁਝ ਹੋਰ ਮੰਗਾਂ ਵੀ ਮੰਗ ਪੱਤਰ ਵਿੱਚ ਜੋੜੀਆਂ ਜਾਣਗੀਆਂ।
ਐਕਸ਼ਨ ਕਮੇਟੀ ਦੇ ਆਗੂਆਂ ਨੇ ਪੀ ਆਰ ਟੀ ਸੀ ਦੇ ਸਮੁੱਚੇ ਹਾਲਤਾਂ ਦੀ ਗੰਭੀਰਤਾ ਨਾਲ ਸਮੀਖਿਆ ਕਰਦਿਆਂ ਦੱਸਿਆ ਕਿ ਮੌਜੂਦਾ ਮੈਨੇਜਮੈਂਟ ਵੱਲੋਂ ਪੀ ਆਰ ਟੀ ਸੀ ਦੀ ਬਿਹਤਰੀ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ। ਜੇਕਰ ਇਹ ਕਹਿ ਲਿਆ ਜਾਵੇ ਕਿ ਪੀ ਆਰ ਟੀ ਸੀ ਇਸ ਸਮੇੇਂ ਰੱਬ ਆਸਰੇ ਅਤੇ ਵਰਕਰਾਂ ਦੀ ਮਿਹਨਤ-ਮੁਸ਼ੱਕਤ ਨਾਲ ਹੀ ਚੱਲ ਰਹੀ ਹੈ ਤਾਂ ਇਸ ਵਿੱਚ ਕੋਈ ਅੱਤਕਥਨੀ ਵਾਲੀ ਗੱਲ ਨਹੀਂ ਹੋਵੇਗੀ, ਕਿਉਂਕਿ ਮੈਨੇਜਮੈਂਟ ਤਾਂ 2 ਢਾਈ ਸਾਲ ਤੋਂ ਇਕ ਵੀ ਬੱਸ ਪੀ ਆਰ ਟੀ ਸੀ ਦੀ ਮਾਲਕੀ ਵਾਲੀ ਨਹੀਂ ਪਾ ਸਕੀ। ਕੋਈ ਆਮਦਨ ਵਧਾਉਣ ਵੱਲ ਧਿਆਨ ਨਹੀਂ, ਵਰਕਰਾਂ ਦੀ ਭਲਾਈ ਨੂੰ ਮੁਕੰਮਲ ਤੌਰ ’ਤੇ ਨਜ਼ਰਅੰਦਾਜ਼ ਕਰਕੇ ਕੰਟਰੈਕਟ/ ਆਊਟ ਸੋਰਸ ਵਰਕਰਾਂ ਨੂੰ ਰੈਗੂਲਰ ਕਰਨ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ, ਸਗੋਂ ਉਨ੍ਹਾਂ ਦੇ ਆਰਥਕ ਸ਼ੋਸ਼ਣ ਨੂੰ ਹੀ ਪ੍ਰਬੰਧਕ ਆਪਣੀ ਕਾਰਗੁਜ਼ਾਰੀ ਸਮਝਦੇ ਹਨ। ਵਰਕਰਾਂ ਦੇ ਕੰਮਾਂ ਦੀਆਂ ਫਾਈਲਾਂ ਨੂੰ ਠੰਢੇ ਬਸਤੇ ਵਿੱਚ ਪਾ ਕੇ ਰੱਖਿਆ ਜਾ ਰਿਹਾ ਹੈ। ਹਜ਼ਾਰਾਂ ਕਿਲੋਮੀਟਰਾਂ ਦੇ ਰੂਟ ਰੋਜ਼ਾਨਾ ਮਿਸ ਹੋ ਜਾਂਦੇ ਹਨ। ਕੰਟਰੈਕਟ ਵਰਕਰਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਲਈ ਗੈਰ-ਕਾਨੂੰਨੀ ਢੰਗ ਨਾਲ ਮਨਘੜਤ ਸ਼ਰਤਾਂ ਬਣਾ ਕੇ ਤਨਖਾਹਾਂ ਕੱਟ ਲਈਆ ਜਾਂਦੀਆਂ ਹਨ। ਅਪੀਲ ਕਰਨ ਦਾ ਹੱਕ ਖੋਹ ਲਿਆ ਜਾਂਦਾ ਹੈ। ਅਜਿਹੀਆਂ ਸ਼ਰਤਾਂ ਕਿਸੇ ਵੀ ਸੇਵਾ ਨਿਯਮਾਂ ਤਹਿਤ ਨਹੀਂ ਤਹਿ ਹੋ ਸਕਦੀਆਂ। ਜਿਨ੍ਹਾਂ ਆਊਟਸੋਰਸ ਕਰਮਚਾਰੀਆਂ ਨੂੰ ਐਜੀਟੇਸ਼ਨ ਦੌਰਾਨ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਸੀ, ਉਨ੍ਹਾਂ ਨੂੰ ਹਾਈ ਕੋਰਟ ਦੇ ਦਖਲ ਨਾਲ ਡਿਊਟੀ ਮੁਹੱਈਆ ਕਰਨ ਦਾ ਜੋ ਫੈਸਲਾ ਹੋਇਆ ਸੀ, ਉਸ ਨੂੰ ਵੀ 2 ਸਾਲ ਤੋਂ ਵੱਧ ਸਮੇਂ ਤੱਕ ਅਜੇ ਵੀ ਲਟਕਾ ਕੇ ਰੱਖਿਆ ਜਾ ਰਿਹਾ ਹੈ। ਅਜੇ ਵੀ ਬਹੁਤ ਸਾਰੇ ਡਰਾਈਵਰਾਂ-ਕੰਡਕਟਰਾਂ ਨੂੰ ਡਿਊਟੀ ’ਤੇ ਨਹੀਂ ਲਿਆ ਗਿਆ।
ਇਸੇ ਤਰ੍ਹਾਂ ਪੀ ਆਰ ਟੀ ਸੀ ਵਿੱਚ ਡਰਾਈਵਰ-ਕੰਡਕਟਰ ਵਾਂਗ ਸਭ ਤੋਂ ਸਖਤ ਅਤੇ ਔਖੇ ਹਾਲਤਾਂ ਵਿੱਚ ਡਿਊਟੀ ਕਰਨ ਵਾਲੇ ਸੁਪਰਵਾਈਜ਼ਰੀ ਸਟਾਫ , ਕੈਟਾਗਰੀ ਸਬ-ਇੰਸਪੈਕਟਰ, ਇੰਸਪੈਕਟਰ ਅਤੇ ਚੀਫ ਇੰਸਪੈਕਟਰਾਂ ਨਾਲ ਘੋਰ ਅਨਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਤੋਂ 12 ਤੋਂ 16 ਘੰਟੇ ਤੱਕ ਡਿਊਟੀ ਲਈ ਜਾਂਦੀ ਹੈ, ਜਿਸ ਬਦਲੇ ਨਾ ਓਵਰ ਟਾਈਮ ਹੈ ਨਾ ਕੋਈ ਰੈੱਸਟ ਹੈ। ਉਨ੍ਹ੍ਹਾਂ ਦੇ ਠਹਿਰਨ ਲਈ ਕਿਤੇ ਕੋਈ ਪ੍ਰਬੰਧ ਨਹੀਂ, ਉਨ੍ਹਾਂ ਨੂੰ ਮਾਮੂਲੀ ਜਿਹਾ ਟੀ ਏ ਦਿੱਤਾ ਜਾਂਦਾ ਹੈ। ਫਲਾਇੰਗ ਚੈਕਿੰਗ ਡਿਊਟੀ ਕਰਨ ਲਈ ਉਨ੍ਹਾਂ ਨੂੰ ਕੋਈ ਉਚਿਤ ਟਰਾਂਸਪੋਰਟ ਸਾਧਨ ਵੀ ਮੁਹੱਈਆ ਨਹੀਂ ਕਰਵਾਏ ਜਾਂਦੇ। ਚੈਕਿੰਗ ਡਿਊਟੀਆਂ ਕਰਦਿਆਂ ਉਨ੍ਹਾਂ ਦਾ 7-8 ਹਜ਼ਾਰ ਰੁਪਿਆ ਮਹੀਨਾ ਖਰਚ ਹੋ ਜਾਂਦਾ ਹੈ, ਪਰ ਮੈਨੇਜਮੈਂਟ ਨੇ ਉਨ੍ਹਾਂ ਦੇ ਖਰਚੇ ਦੀ ਭਰਪਾਈ ਕਰਨ ਲਈ ਕੋਈ ਵਿਸ਼ੇਸ਼ ਭੱਤਾ ਵੀ ਤਹਿ ਨਹੀਂ ਕੀਤਾ। ਇਸ ਤਰ੍ਹਾਂ ਸੁਪਰਵਾਈਜ਼ਰੀ ਸਟਾਫ ਨਾਲ ਅਣਮਨੁੱਖੀ ਵਿਹਾਰ ਹੋ ਰਿਹਾ ਹੈ।

ਐਕਸ਼ਨ ਕਮੇਟੀ ਨੇ ਮੈਨੇਜਮੈਂਟ ਨੂੰ ਮਿਤੀ 22-11-2023, 12-12-2023 ਅਤੇ 24-01-2024 ਨੂੰ ਵਰਕਰਾਂ ਦੀਆਂ ਅਤੇ ਅਦਾਰੇ ਦੇ ਹਿੱਤਾਂ ਸੰਬੰਧੀ ਮੰਗ ਪੱਤਰ ਦਿੱਤੇ ਹੋਏ ਹਨ, ਪਰ ਮੈਨੇਜਮੈਂਟ ਨੇ ਅਜੇ ਤੱਕ ਕੋਈ ਸੰਜੀਦਗੀ ਇਹਨਾਂ ਮੰਗਾਂ ਦਾ ਹੱਲ ਕੱਢਣ ਲਈ ਨਹੀਂ ਵਿਖਾਈ। ਮੰਗ ਪੱਤਰਾਂ ਵਿੱਚ ਦਰਜ ਮੰਗਾਂ ਸਭ ਕਾਨੂੰਨੀ ਤੌਰ ’ਤੇ ਵਾਜਬ ਅਤੇ ਅਦਾਰੇ ਦੇ ਹਿੱਤਾਂ ਨਾਲ ਸੰਬੰਧਤ ਹਨ, ਪਰ ਮੈਨੇਜਮੈਂਟ ਦਾ ਮਨਮਾਨੀਆ ਕਰਨ ਵਾਲਾ ਅਤੇ ਕਾਨੂੰਨਾਂ ਦੀ ਮਿੱਟੀ ਪਲੀਤ ਕਰਨ ਵਾਲਾ ਰਵੱਈਆ ਅਦਾਰੇ ਦਾ ਭਾਰੀ ਨੁਕਸਾਨ ਕਰ ਰਿਹਾ ਹੈ। ਅਦਾਰੇ ਵਿੱਚ ਅੱਜ 500 ਬੱਸਾਂ ਬਿਨਾਂ ਦੇਰੀ ਆਪਣੀ ਮਾਲਕੀ ਵਾਲੀਆਂ ਪਾਉਣਾ ਅਤੀ ਜ਼ਰੂਰੀ ਲੋੜ ਹੈ, ਪਰ 2 ਸਾਲ ਤੋਂ ਵੱਧ ਸਮੇਂ ਤੋਂ ਮੈਨੇਜਮੈਂਟ ਉੱਕਾ ਹੀ ਇਸ ਪਾਸੇ ਸੰਜੀਦਾ ਨਹੀਂ, ਕੰਟਰੈਕਟ ਕਾਮੇ ਪੱਕੇ ਕਰਨਾ, 2004 ਤੋਂ ਪਹਿਲਾਂ ਰੈਗੂਲਰ ਹੋਏ ਵਰਕਰਾਂ ਨੂੰ ਅਜੇ ਤੱਕ ਪੈਨਸ਼ਨ ਸਕੀਮ ਅਧੀਨ ਨਾ ਲਿਆਉਣਾ, 1992 ਦੀ ਪੈਨਸ਼ਨ ਤੋਂ ਵਾਂਝੇ ਰਹਿ ਗਏ ਵਰਕਰਾਂ ਨੂੰ ਪੈਨਸ਼ਨ ਦੇਣਾ, ਪੰਜਾਬ ਸਰਕਾਰ ਤੋਂ 300 ਕਰੋੜ ਤੋਂ ਵੱਧ ਮੁਫ਼ਤ ਸਫਰ ਸਹੂਲਤਾਂ ਦਾ ਪੈਸਾ ਦੇਣਾ, ਵਰਕਰਾਂ ਦੇ ਕਰੋੜਾਂ ਰੁਪਏ ਦੇ ਬਕਾਏ ਅਦਾਰੇ ਕੋਲ ਪੈਸੇ ਉਪਲੱਬਧ ਪਏ ਹੋਣ ਦੇ ਬਾਵਜੂਦ ਨਾ ਦੇਣੇ, ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣਾ ਬੰਦ ਕਰਨਾ, ਕੰਟਰੈਕਟ ਵਰਕਰਾਂ ਦੀ ਤਨਖਾਹ ਵਿੱਚ ਇਕਸਾਰਤਾ ਲਿਆਉਦਾ, ਵਿਤਕਰੇਬਾਜ਼ੀ ਬੰਦ ਕਰਨੀ ਆਦਿ ਮੰਗਾਂ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਕਿ ਪੀ ਆਰ ਟੀ ਸੀ ਦੇ ਸਮੁੱਚੇ ਵਰਕਰਾਂ ਨੂੰ ਏਕਤਾਬੱਧ ਕਰਕੇ ਸਖਤ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਪਹਿਲੀ ਕੜੀ ਵਜੋਂ 3 ਜੁਲਾਈ ਦਾ ਰੋਸ ਧਰਨਾ ਹੋਵੇਗਾ। ਮੀਟਿੰਗ ਵਿੱਚ ਸੁਖਦੇਵ ਰਾਮ ਸੁੱਖੀ, ਗੁਰਜੀਤ ਸਿੰਘ, ਗੁਰਜਿੰਦਰ ਸਿੰਘ, ਨਸੀਬ ਚੰਦ, ਗੁਰਧਿਆਨ ਸਿੰਘ ਤੇ ਰਮੇਸ਼ ਕੁਮਾਰ ਆਦਿ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here