25 C
Jalandhar
Sunday, September 8, 2024
spot_img

ਸਪੀਕਰ ਦੇ ਅਹੁਦੇ ਲਈ ਰੱਸਾਕਸ਼ੀ

ਨਰਿੰਦਰ ਮੋਦੀ 24 ਜੂਨ ਨੂੰ ਸੰਸਦ ਦੀ ਆਪਣੀ ਤੀਜੀ ਪਾਰੀ ਦੀ ਸ਼ੁਰੂਆਤ ਕਰਨਗੇ। ਇਸ ਦੇ ਨਾਲ ਹੀ ਸਪੀਕਰ ਦੀ ਚੋਣ ਦੇ ਮਾਮਲੇ ਉੱਤੇ ਭਾਜਪਾ ਲਈ ਅਗਨੀ ਪ੍ਰੀਖਿਆ ਦਾ ਦੌਰ ਸ਼ੁਰੂ ਹੋ ਜਾਵੇਗਾ।
ਐੱਨ ਡੀ ਏ ਗੱਠਜੋੜ ਵਿੱਚ ਚੰਦਰ ਬਾਬੂ ਨਾਇਡੂ ਦੀ ਟੀ ਡੀ ਪੀ ਤੇ ਨਿਤੀਸ਼ ਕੁਮਾਰ ਦਾ ਜੇ ਡੀ ਯੂ ਵੱਡੇ ਭਾਈਵਾਲ ਹਨ। ਇਨ੍ਹਾਂ ਦੋਹਾਂ ਦਲਾਂ ਦੀਆਂ ਨਜ਼ਰਾਂ ਸਪੀਕਰ ਦੇ ਅਹੁਦੇ ਉੱਤੇ ਲੱਗੀਆਂ ਹੋਈਆਂ ਹਨ। ਇਸੇ ਕਾਰਨ ਹੀ ਦੋਵਾਂ ਨੇ ਕੈਬਨਿਟ ਵਿੱਚ ਸੀਟਾਂ ਦੀ ਵੰਡ ਸਮੇਂ ਕੋਈ ਖਿੱਚੋਤਾਣ ਨਹੀਂ ਸੀ ਕੀਤੀ।
ਕੈਬਨਿਟ ਦੇ ਗਠਨ ਸਮੇਂ ਜਿਸ ਤਰ੍ਹਾਂ ਭਾਜਪਾ ਨੇ ਸਾਰੇ ਅਹਿਮ ਮੰਤਰਾਲੇ ਆਪਣੇ ਪਾਸ ਰੱਖੇ ਤੇ ਉਹ ਬਹੁਤਾ ਕਰਕੇ ਪੁਰਾਣਿਆਂ ਮੰਤਰੀਆਂ ਨੂੰ ਹੀ ਸੌਂਪ ਦਿੱਤੇ ਹਨ, ਉਸ ਤੋਂ ਕਿਆਸ ਲਾਏ ਜਾ ਰਹੇ ਹਨ ਕਿ ਸਪੀਕਰ ਦੀ ਕੁਰਸੀ ਵੀ ਭਾਜਪਾ ਕੋਲ ਹੀ ਰਹੇਗੀ। ਮੋਦੀ ਦੇ ਪਿਛਲੇ 10 ਸਾਲਾ ਕਾਰਜਕਾਲ ਦੌਰਾਨ, ਜਿਸ ਤਰ੍ਹਾਂ ਵੱਖ-ਵੱਖ ਦਲਾਂ ਅੰਦਰ ਤੋੜ-ਫੋੜ ਕੀਤੀ ਗਈ, ਜਿਸ ਦਾ ਖਮਿਆਜ਼ਾ ਟੀ ਡੀ ਪੀ ਨੂੰ ਵੀ ਭੁਗਤਣਾ ਪਿਆ ਸੀ, ਉਸ ਤੋਂ ਵਿਰੋਧੀ ਦਲਾਂ ਦਾ ਚੌਕਸ ਰਹਿਣਾ ਉਨ੍ਹਾਂ ਦੀ ਜ਼ਰੂਰਤ ਹੈ। ਜਨਤਾ ਦਲ ਯੂ ਦੇ ਕੌਮੀ ਬੁਲਾਰੇ ਕੇ ਸੀ ਤਿਆਗੀ ਦੇ ਇਸ ਬਿਆਨ ਕਿ ਸਪੀਕਰ ਦਾ ਅਹੁਦਾ ਭਾਜਪਾ ਕੋਲ ਹੀ ਰਹਿਣਾ ਚਾਹੀਦਾ ਹੈ, ਨੂੰ ਅਧਾਰ ਬਣਾਏ ਬਿਨਾਂ ਅਸੀਂ ਜਾਣਦੇ ਹਾਂ ਕਿ ਨਿਤੀਸ਼ ਕੁਮਾਰ ਦੇ ਦਾਅਪੇਚਾਂ ਨੂੰ ਸਮਝ ਸਕਣਾ ਹਰ ਕਿਸੇ ਦੇ ਵੱਸ ਦਾ ਕੰਮ ਨਹੀਂ। ਉਹ ਜੋ ਕਹਿੰਦੇ ਹਨ, ਕਰਦੇ ਹਮੇਸ਼ਾ ਉਸ ਦੇ ਉਲਟ ਹਨ।
ਟੀ ਡੀ ਪੀ ਤੇ ਜੇ ਡੀ ਯੂ ਦੇ ਮੁਖੀ ਰਾਜਨੀਤੀ ਦੇ ਮੰਝੇ ਹੋਏ ਖਿਡਾਰੀ ਹਨ। ਉਹ ਜਾਣਦੇ ਹਨ ਕਿ ਅੱਜ ਜੋ ਉਨ੍ਹਾਂ ਦੀ ਵੁੱਕਤ ਹੈ, ਉਸ ਦਾ ਕਾਰਨ ਭਾਜਪਾ ਕੋਲ ਲੋੜੀਂਦਾ ਬਹੁਮੱਤ ਨਾ ਹੋਣਾ ਹੈ। ਭਾਜਪਾ ਬਹੁਮੱਤ ਤੋਂ 32 ਸੀਟਾਂ ਦੂਰ ਹੈ। ਭਾਜਪਾ ਮੌਕਾ ਮਿਲਦਿਆਂ ਹੀ ਇਹ ਘਾਟਾ ਪੂਰਾ ਕਰਨ ਤੋਂ ਪਾਸਾ ਨਹੀਂ ਵੱਟੇਗੀ। ਐੱਨ ਡੀ ਏ ਵਿਚਲੇ ਭਾਈਵਾਲ ਜਾਣਦੇ ਹਨ ਕਿ ਜੇਕਰ ਭਾਜਪਾ ਆਪਣਾ ਸਪੀਕਰ ਬਣਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਐੱਨ ਡੀ ਏ ਸਰਕਾਰ ਨੂੰ ਭਾਜਪਾ ਸਰਕਾਰ ਵਿੱਚ ਤਬਦੀਲ ਕੀਤੇ ਜਾਣ ਵਿੱਚ ਬਹੁਤਾ ਸਮਾਂ ਨਹੀਂ ਲੱਗੇਗਾ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਦੇਸ਼ ਦੇ ਕਾਰਪੋਰੇਟ ਘਰਾਣੇ ਜਾਣਦੇ ਹਨ ਕਿ ਇੱਕ ਮਜ਼ਬੂਤ ਮੋਦੀ ਸਰਕਾਰ ਹੀ ਉਨ੍ਹਾਂ ਦੀਆਂ ਤਿਜੌਰੀਆਂ ਭਰ ਸਕਦੀ ਹੈ, ਦੂਜੇ ਦਲਾਂ ਦੇ ਸਹਾਰੇ ਚੱਲ ਰਹੀ ਸਰਕਾਰ ਨਹੀਂ। ਇਸ ਲਈ ਦੂਜੇ ਦਲਾਂ ਦੇ ਸਾਂਸਦਾਂ ਨੂੰ ਤੋੜ ਕੇ ਭਾਜਪਾ ਹਵਾਲੇ ਕਰਨ ਲਈ ਕਾਰਪੋਰੇਟ ਪੈਸਾ ਪਾਣੀ ਵਾਂਗ ਵਹਾਉਣ ਲਈ ਤਿਆਰ ਬੈਠੇ ਹਨ।
ਇਸ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਮਜ਼ਬੂਤ ਵਿਰੋਧੀ ਗੱਠਜੋੜ ‘ਇੰਡੀਆ’ ਵੀ ਪੂਰੀ ਤਰ੍ਹਾਂ ਚੌਕਸ ਹੈ। ਊਧਵ ਠਾਕਰੇ ਦੀ ਸ਼ਿਵ ਸੈਨਾ ਦੇ ਆਗੂ ਸੰਜੇ ਰਾਊਤ ਨੇ ਇਸ ਦਾ ਖੁਲਾਸਾ ਵੀ ਕਰ ਦਿੱਤਾ ਹੈ। ਰਾਊਤ ਨੇ ਕਿਹਾ ਹੈ, ‘‘ਅਸੀਂ ਸੁਣਿਆ ਹੈ ਕਿ ਚੰਦਰ ਬਾਬੂ ਨਾਇਡੂ ਨੇ ਸਪੀਕਰ ਦੀ ਮੰਗ ਕੀਤੀ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਚੰਦਰ ਬਾਬੂ ਦੀ ਟੀ ਡੀ ਪੀ, ਨਿਤੀਸ਼ ਬਾਬੂ ਦੇ ਜੇ ਡੀ ਯੂ ਤੇ ਚਿਰਾਗ ਪਾਸਵਾਨ ਦੀ ਪਾਰਟੀ ਨੂੰ ਤੋੜ ਦੇਣਗੇ। ਉਨ੍ਹਾਂ ਦਾ ਤਾਂ ਇਹ ਕੰਮ ਹੈ, ਜਿਨ੍ਹਾਂ ਦਾ ਨਮਕ ਖਾਂਦੇ ਹਨ, ਉਨ੍ਹਾਂ ਨੂੰ ਖਤਮ ਕਰ ਦਿੰਦੇ ਹਨ, ਇਹ ਸਾਡਾ ਆਪਣਾ ਅਨੁਭਵ ਰਿਹਾ ਹੈ।’’
ਰਾਊਤ ਨੇ ਅੱਗੇ ਕਿਹਾ ਹੈ, ‘‘ਜੇਕਰ ਨਾਇਡੂ ਨੇ ਸਪੀਕਰ ਦੀ ਮੰਗ ਕੀਤੀ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਉਨ੍ਹਾ ਨੂੰ ਇਹ ਅਹੁਦਾ ਮਿਲਣਾ ਚਾਹੀਦਾ ਹੈ। ਜੇਕਰ ਨਾਇਡੂ ਨੂੰ ਸਪੀਕਰ ਦਾ ਅਹੁਦਾ ਨਾ ਮਿਲਿਆ ਤੇ ਉਨ੍ਹਾ ਆਪਣਾ ਉਮੀਦਵਾਰ ਖੜ੍ਹਾ ਕੀਤਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇੰਡੀਆ ਗੱਠਜੋੜ ਨਾਇਡੂ ਦੇ ਉਮੀਦਵਾਰ ਦੇ ਪਿੱਛੇ ਖੜ੍ਹਾ ਹੋਵੇ।’’
ਟੀ ਡੀ ਪੀ ਵੱਲੋਂ 10 ਜੂਨ ਨੂੰ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ ਗਈ ਸੀ, ਪਰ ਉਸ ਤੋਂ ਬਾਅਦ ਕੋਈ ਹਲਚਲ ਦਿਖਾਈ ਨਹੀਂ ਦਿੱਤੀ। ਟੀ ਡੀ ਪੀ ਕੀ ਰੁਖ ਲੈਂਦੀ ਹੈ, ਇਹ 24 ਜੂਨ ਨੂੰ ਹੀ ਪਤਾ ਲੱਗ ਸਕੇਗਾ। ਅਜਿਹੀਆਂ ਵੀ ਖਬਰਾਂ ਹਨ ਕਿ ਟੀ ਡੀ ਪੀ ਆਪਣੀ ਪਾਰਟੀ ਦੇ ਇੱਕ ਦਲਿਤ ਸਾਂਸਦ ਨੂੰ ਸਪੀਕਰ ਅਹੁਦੇ ਦਾ ਉਮੀਦਵਾਰ ਐਲਾਨ ਸਕਦੀ ਹੈ।
ਇਸੇ ਦੌਰਾਨ ਭਾਜਪਾ ਆਗੂਆਂ ਨੇ ਰਾਜਨਾਥ ਸਿੰਘ ਦੇ ਘਰ ਮੀਟਿੰਗ ਕਰਕੇ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ ਕਿ ਐੱਨ ਡੀ ਏ ਭਾਈਵਾਲ ਭਾਜਪਾ ਨੂੰ ਹੀ ਸਪੀਕਰ ਦਾ ਅਹੁਦਾ ਦੇਣਾ ਮੰਨ ਜਾਣ।
ਹੁਣ ‘ਇੰਡੀਆ’ ਗੱਠਜੋੜ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਜੇਕਰ ਟੀ ਡੀ ਪੀ ਨੇ ਸਪੀਕਰ ਦੇ ਅਹੁਦੇ ਦੀ ਦਾਅਵੇਦਾਰੀ ਕੀਤੀ ਤਾਂ ਇੰਡੀਆ ਗੱਠਜੋੜ ਉਸ ਦੀ ਹਮਾਇਤ ਕਰੇਗਾ। ਅਗਰ ਟੀ ਡੀ ਪੀ ਇਸ ਤੋਂ ਭੱਜ ਜਾਂਦੀ ਹੈ ਤਾਂ ‘ਇੰਡੀਆ’ ਗੱਠਜੋੜ ਸਪੀਕਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕਰੇਗਾ। ਇਸ ਤੋਂ ਬਿਨਾਂ ਉਹ ਡਿਪਟੀ ਸਪੀਕਰ ਦੇ ਅਹੁਦੇ ਲਈ ਵੀ ਉਮੀਦਵਾਰ ਖੜ੍ਹਾ ਕਰੇਗਾ। ਇੰਜ ਕਰਕੇ ਇੰਡੀਆ ਗੱਠਜੋੜ ਚੰਦਰ ਬਾਬੂ ਨਾਇਡੂ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਕਿ ਉਹ ਭਾਜਪਾ ਦੇ ਦਬਾਅ ਵਿੱਚ ਆਉਣ ਦੀ ਥਾਂ ਉਸ ਉੱਤੇ ਹਾਵੀ ਰਹੇ, ਕਿਉਂਕਿ ਸਮੁੱਚੀ ਵਿਰੋਧੀ ਧਿਰ ਉਸ ਦੇ ਨਾਲ ਖੜ੍ਹੀ ਹੈ। ਸਪੀਕਰ ਦੀ ਚੋਣ ਲਈ 26 ਜੂਨ ਦੀ ਤਰੀਕ ਤੈਅ ਕੀਤੀ ਗਈ ਹੈ। ਇਹ ਦਿਨ ਮੋਦੀ ਸਰਕਾਰ ਹੀ ਨਹੀਂ, ਭਾਰਤੀ ਲੋਕਤੰਤਰ ਦੇ ਵੀ ਇਮਤਿਹਾਨ ਦਾ ਦਿਨ ਹੋਵੇਗਾ। ਇਸ ਤੋਂ ਪਤਾ ਲੱਗੇਗਾ ਕਿ ਟੀ ਡੀ ਪੀ, ਜੇ ਡੀ ਯੂ ਸਮੇਤ ਐੱਨ ਡੀ ਏ ਦੇ ਬਾਕੀ ਭਾਈਵਾਲ ਕੀ ਰੁਖ ਅਖਤਿਆਰ ਕਰਦੇ ਹਨ। ਇਹੋ ਦਿਨ ਅਗਲੇ ਪੰਜ ਸਾਲ ਲਈ ਭਾਰਤੀ ਲੋਕਤੰਤਰ ਦੇ ਭਵਿੱਖ ਨੂੰ ਤੈਅ ਕਰੇਗਾ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles