ਚੰਡੀਗੜ੍ਹ (ਗੁਰਜੀਤ ਬਿੱਲਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਤਹਿਤ ਅੰਮਿ੍ਰਤਸਰ ਕਮਿਸ਼ਨਰੇਟ ਪੁਲਸ ਨੇ 10 ਦਿਨਾਂ ਤੱਕ ਚੱਲੇ ਅਪ੍ਰੇਸ਼ਨ ਦੌਰਾਨ ਸਰਹੱਦ ਪਾਰੋਂ ਚਲਾਏ ਜਾ ਰਹੇ ਗੈਰ-ਕਾਨੂੰਨੀ ਹਥਿਆਰਾਂ ਅਤੇ ਨਾਰਕੋ ਟੈਰਰਿਜ਼ਮ ਹਵਾਲਾ ਰੈਕੇਟ ਦਾ ਪਰਦਾ ਫਾਸ਼ ਕਰਦਿਆਂ ਮੁੱਖ ਸਾਜ਼ਿਸ਼ਕਰਤਾ, ਜਿਸ ਦੀ ਪਛਾਣ ਰਣਜੀਤ ਸਿੰਘ ਉਰਫ਼ ਕਾਕਾ ਵਜੋਂ ਹੋਈ ਹੈ, ਸਣੇ ਅੱਠ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਹੈ।ਇਹ ਜਾਣਕਾਰੀ ਵੀਰਵਾਰ ਨੂੰ ਪੁਲਸ ਡਾਇਰੈਕਟਰ ਜਨਰਲ (ਡੀ ਜੀ ਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਮੁੱਖ ਸਾਜ਼ਿਸ਼ਕਰਤਾ ਤੋਂ ਇਲਾਵਾ ਗਿ੍ਰਫ਼ਤਾਰ ਕੀਤੇ ਗਏ ਹੋਰ ਵਿਅਕਤੀਆਂ ਦੀ ਪਛਾਣ ਰਜਿੰਦਰ ਉਰਫ਼ ਰਾਜਾ, ਅਭਿਸ਼ੇਕ ਉਰਫ਼ ਅਭੀ, ਵਿਸ਼ਾਲ ਉਰਫ਼ ਸ਼ਾਲੂ, ਲਵਪ੍ਰੀਤ ਉਰਫ਼ ਕਾਲੂ, ਗੁਰਭੇਜ ਉਰਫ਼ ਭੀਜਾ, ਗੁਰਜੰਟ ਅਤੇ ਜਸਪਾਲ ਸਾਰੇ ਵਾਸੀ ਘਰਿੰਡਾ (ਅੰਮਿ੍ਰਤਸਰ) ਵਜੋਂ ਹੋਈ ਹੈ।
ਉਨ੍ਹਾ ਦੱਸਿਆ ਕਿ ਪੁਲਸ ਟੀਮਾਂ ਨੇ ਉਕਤ ਮੁਲਜ਼ਮਾਂ ਕੋਲੋਂ 4.10 ਕਿਲੋ ਹੈਰੋਇਨ, ਦੋ ਪਿਸਤੌਲ, ਜਿਨ੍ਹਾਂ ਵਿੱਚ ਪਾਕਿਸਤਾਨ ਦਾ ਬਣਿਆ ਜ਼ਿਗਾਨਾ ਪਿਸਤੌਲ ਅਤੇ .32 ਬੋਰ ਦਾ ਪਿਸਤੌਲ ਸ਼ਾਮਲ ਹੈ, ਸਮੇਤ 45 ਜ਼ਿੰਦਾ ਕਾਰਤੂਸ ਅਤੇ 2.07 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਦੋਸ਼ੀਆਂ ਕੋਲੋਂ ਸੱਤ ਵਾਹਨ ਹੁੰਡਈ ਵਰਨਾ, ਮਹਿੰਦਰਾ ਥਾਰ, ਹੁੰਡਈ ਆਈ-20, ਮਾਰੂਤੀ ਸਵਿਫਟ ਡਿਜ਼ਾਇਰ, ਮਾਰੂਤੀ ਜ਼ੈਨ, ਐਕਟਿਵਾ ਸਕੂਟਰ ਅਤੇ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ।ਡੀ ਜੀ ਪੀ ਨੇ ਕਿਹਾ ਕਿ ਸਰਹੱਦ ਪਾਰ ਸੰਬੰਧਾਂ ਅਤੇ ਹਵਾਲਾ ਗਤੀਵਿਧੀਆਂ ਵਿੱਚ ਸ਼ਾਮਲ ਹੋਰ ਗਰੋਹਾਂ ਨੂੰ ਫੜਨ ਲਈ ਮੁਹਿੰਮ ਅਜੇ ਵੀ ਜਾਰੀ ਹੈ।
ਇਹ ਕਾਰਵਾਈ ਅੰਮਿ੍ਰਤਸਰ ਕਮਿਸ਼ਨਰੇਟ ਪੁਲਸ ਵੱਲੋਂ ਬਾਰੀਕੀ ਨਾਲ ਅਗਲੀਆਂ-ਪਿਛਲੀਆਂ ਕੜੀਆਂ ਫਰੋਲਣ ਤੋਂ ਬਾਅਦ ਇੱਕ ਸਥਾਨਕ ਨਸ਼ਾ ਤਸਕਰ ਰਜਿੰਦਰ ਉਰਫ਼ ਰਾਜਾ (22) ਵਾਸੀ ਪਿੰਡ ਘਰਿੰਡਾ (ਅੰਮਿ੍ਰਤਸਰ) ਦੀ ਗਿ੍ਰਫਤਾਰੀ ਤੋਂ ਬਾਅਦ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਉਕਤ ਨਸ਼ਾ ਤਸਕਰ ਨੂੰ 500 ਗ੍ਰਾਮ ਹੈਰੋਇਨ, 40,000 ਰੁਪਏ ਡਰੱਗ ਮਨੀ , ਵਰਨਾ ਕਾਰ ਅਤੇ ਇੱਕ ਪਿਸਤੌਲ ਨਾਲ ਗਿ੍ਰਫਤਾਰ ਕੀਤਾ ਗਿਆ ਸੀ। ਮੁਲਜ਼ਮ ਰਜਿੰਦਰ ਰਾਜਾ ਅੰਮਿ੍ਰਤਸਰ ਦਿਹਾਤੀ ਪੁਲਸ ਨੂੰ ਵੀ ਇਰਾਦਾ-ਕਤਲ ਕੇਸ ਵਿੱਚ ਲੋੜੀਂਦਾ ਸੀ। ਪੁਲਿਸ ਕਮਿਸ਼ਨਰ ਅੰਮਿ੍ਰਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਵਾਲੀ ਸੀ ਆਈ ਏ-1 ਦੀ ਟੀਮ ਅਤੇ ਪੁਲਸ ਥਾਣਾ ਇਸਲਾਮਾਬਾਦ ਦੀ ਟੀਮ ਨੇ ਏ ਡੀ ਸੀ ਪੀ ਜ਼ੋਨ-1 ਡਾ: ਦਰਪਣ ਆਹਲੂਵਾਲੀਆ ਅਤੇ ਏ ਡੀ ਸੀ ਪੀ ਡਿਟੈਕਟਿਵ ਨਵਜੋਤ ਸਿੰਘ ਸੰਧੂ ਦੀ ਨਿਗਰਾਨੀ ਹੇਠ ਇਸ ਅਪ੍ਰੇਸ਼ਨ ਨੂੰ ਅੰਜਾਮ ਦਿੱਤਾ। ਉਨ੍ਹਾ ਦੱਸਿਆ ਕਿ ਪੁਲਸ ਨੇ ਰਜਿੰਦਰ ਰਾਜਾ ਦੀਆਂ ਅਗਲੇਰੀਆਂ-ਪਿਛਲੇਰੀਆਂ ਕੜੀਆਂ ਦੀ ਜਾਂਚ ਤੋਂ ਬਾਅਦ ਇਹ ਪਾਇਆ ਕਿ ਉਹ ਸਾਜ਼ਿਸਕਰਤਾ ਰਣਜੀਤ ਸਿੰਘ ਉਰਫ਼ ਕਾਕਾ ਦੇ ਸੰਪਰਕ ਵਿੱਚ ਸੀ।ਉਨ੍ਹਾ ਦੱਸਿਆ ਕਿ ਵਿੱਤੀ ਟਰਾਇਲ ਅਤੇ ਤਕਨੀਕੀ ਜਾਂਚ ਦੀ ਬਾਰੀਕੀ ਨਾਲ ਪੈਰਵੀ ਕਰਨ ਤੋਂ ਬਾਅਦ ਪੁਲਸ ਟੀਮਾਂ ਨੇ ਸਾਜ਼ਿਸ਼ਕਰਤਾ ਰਣਜੀਤ ਕਾਕਾ ਅਤੇ ਹੋਰ ਮੁਲਜ਼ਮਾਂ ਨੂੰ ਤਸਕਰੀ ਕੀਤੀ ਹੈਰੋਇਨ, ਅਸਲਾ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਾਜਿਸ਼ਕਰਤਾ ਰਣਜੀਤ ਕਾਕਾ, ਜੋ ਕਿ ਪਾਕਿਸਤਾਨ ਅਧਾਰਤ ਸੰਸਥਾਵਾਂ ਨਾਲ ਸਿੱਧੇ ਸੰਪਰਕ ਵਿੱਚ ਸੀ, ਪੰਜਾਬ ਵਿੱਚ ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦਾ ਰੈਕੇਟ ਚਲਾ ਰਿਹਾ ਸੀ। ਉਨ੍ਹਾ ਕਿਹਾ ਕਿ ਇਸ ਮਾਮਲੇ ਵਿੱਚ ਅਗਲੀਆਂ-ਪਿਛਲੀਆਂ ਕੜੀਆਂ ਨੂੰ ਜੋੜਨ ਕਰਨ ਲਈ ਹੋਰ ਜਾਂਚ ਜਾਰੀ ਹੈ।



