ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਵੀਰਵਾਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੇਪਰ ਲੀਕ ਨੂੰ ਰੋਕਣ ਦੇ ਸਮਰੱਥ ਨਹੀਂ ਹਨ। ਨੀਟ-ਯੂ ਜੀ ਦਾ ਪੇਪਰ ਲੀਕ ਹੋਣ ਤੋਂ ਬਾਅਦ ਯੂ ਜੀ ਸੀਨੈੱਟ ਦਾ ਪੇਪਰ ਰੱਦ ਕਰ ਦਿੱਤਾ ਗਿਆ ਹੈ।
ਰਾਹੁਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਪੇਪਰ ਲੀਕ ਹੋਣ ਬਾਰੇ ਮੈਨੂੰ ਹਜ਼ਾਰਾਂ ਸ਼ਿਕਾਇਤਾਂ ਮਿਲੀਆਂ। ਇਹ ਕਿਹਾ ਗਿਆ ਕਿ ਨਰਿੰਦਰ ਮੋਦੀ ਨੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਰੋਕ ਦਿੱਤਾ। ਇਜ਼ਰਾਈਲ ਅਤੇ ਗਾਜ਼ਾ ਵਿਚਾਲੇ ਜੰਗ ਵੀ ਰੁਕਵਾ ਦਿੱਤੀ, ਪਰ ਕੁਝ ਕਾਰਨਾਂ ਕਰਕੇ ਨਰਿੰਦਰ ਮੋਦੀ ਭਾਰਤ ’ਚ ਪੇਪਰ ਲੀਕ ਹੋਣ ਨੂੰ ਨਹੀਂ ਰੋਕ ਸਕੇ ਅਤੇ ਨਾ ਹੀ ਰੋਕਣਾ ਚਾਹੁੰਦੇ ਹਨ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਸਿੱਖਿਆ ਸਿਸਟਮ ’ਤੇ ਭਾਜਪਾ ਦੀ ਪਿਤਰੀ ਜਥੇਬੰਦੀ (ਆਰ ਐੱਸ ਐੱਸ) ਨੇ ਕਬਜ਼ਾ ਕਰ ਲਿਆ ਹੈ। ਜਦੋਂ ਤੱਕ ਇਹ ਕਬਜ਼ਾ ਨਹੀਂ ਛੁਡਵਾਇਆ ਜਾਂਦਾ, ਪੇਪਰ ਲੀਕ ਹੁੰਦੇ ਰਹਿਣਗੇ। ਕਬਜ਼ਾ ਮੋਦੀ ਜੀ ਨੇ ਹੀ ਕਰਵਾਇਆ ਹੈ। ਇਹ ਕੌਮ-ਵਿਰੋਧੀ ਕਾਰਵਾਈ ਹੈ। ਪੇਪਰ ਲੀਕ ਇਸ ਕਰਕੇ ਹੋ ਰਹੇ ਹਨ ਕਿ ਸਾਡੇ ਸਾਰੇ ਅਦਾਰਿਆਂ ’ਤੇ ਕਬਜ਼ੇ ਕਰ ਲਏ ਗਏ ਹਨ। ਵਾਈਸ ਚਾਂਸਲਰ ਯੋਗਤਾ ਦੇ ਆਧਾਰ ’ਤੇ ਨਿਯੁਕਤ ਨਹੀਂ ਕੀਤੇ ਜਾਂਦੇ, ਇਹ ਇਕ ਖਾਸ ਜਥੇਬੰਦੀ ਨਾਲ ਸੰਬੰਧਤ ਹੁੰਦੇ ਹਨ। ਇਸ ਜਥੇਬੰਦੀ ਤੇ ਭਾਜਪਾ ਨੇ ਸਿੱਖਿਆ ਸਿਸਟਮ ਵਿਚ ਘੁਸਪੈਠ ਕਰਕੇ ਇਸ ਨੂੰ ਤਬਾਹ ਕਰ ਦਿੱਤਾ ਹੈ। ਪ੍ਰੀਖਿਆ ਵਿਚ ਧਾਂਦਲੀ ਦਾ ਸਿਲਸਿਲਾ ਆਰ ਐੱਸ ਐੱਸ ਦੀ ਪ੍ਰਯੋਗਸ਼ਾਲਾ ਮੱਧ ਪ੍ਰਦੇਸ਼ ਤੋਂ ਸ਼ੁਰੂ ਹੋਇਆ ਸੀ ਤੇ ਇਹ ਵਧਦਾ ਹੀ ਜਾ ਰਿਹਾ ਹੈ।
ਰਾਹੁਲ ਨੇ ਅੱਗੇ ਕਿਹਾਨਰਿੰਦਰ ਮੋਦੀ ਨੇ ਨੋਟਬੰਦੀ ਕਰਕੇ ਅਰਥਚਾਰੇ ਦੀ ਮਾੜੀ ਹਾਲਤ ਕੀਤੀ ਤੇ ਉਹੀ ਹੁਣ ਸਿੱਖਿਆ ਸਿਸਟਮ ਦੀ ਕਰ ਰਹੇ ਹਨ। ਆਜ਼ਾਦ ਸਿਸਟਮ ਨੂੰ ਤਬਾਹ ਕਰ ਦਿੱਤੇ ਜਾਣ ਕਾਰਨ ਵਿਦਿਆਰਥੀ ਨੁਕਸਾਨ ਉਠਾ ਰਹੇ ਹਨ। ਕਸੂਰਵਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਉਨ੍ਹਾ ਕਿਹਾ ਕਿ ਰੁਜ਼ਗਾਰ ਦੇ ਮੌਕੇ ਪਹਿਲਾਂ ਹੀ ਖਤਮ ਹੋ ਗਏ ਸਨ, ਹੁਣ ਇਮਤਿਹਾਨਾਂ ’ਚ ਧਾਂਦਲੀ ਕੀਤੀ ਜਾ ਰਹੀ ਹੈ। ਨੌਜਵਾਨਾਂ ਲਈ ਕੋਈ ਰਾਹ ਨਹੀਂ ਬਚਿਆ। ਸਾਰੇ ਰਾਹ ਬੰਦ ਕਰ ਦਿੱਤੇ ਗਏ ਹਨ। ਕਾਂਗਰਸ 24 ਜੂਨ ਨੂੰ ਸ਼ੁਰੂ ਹੋ ਰਹੇ ਸੰਸਦ ਦੇ ਮੌਨਸੂਨ ਸੈਸ਼ਨ ਵਿਚ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਏਗੀ।
ਰਾਹੁਲ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਪੇਪਰ ਲੀਕ ਮਾਮਲੇ ਵਿਚ ਇਸ ਕਰਕੇ ਸਖਤ ਕਦਮ ਨਹੀਂ ਚੁੱਕ ਰਹੀ ਕਿ ਉਹ ਫੌਹੜੀਆਂ ਦੇ ਸਹਾਰੇ ਹੈ। ਪ੍ਰਧਾਨ ਮੰਤਰੀ ਲਈ ਵੱਡਾ ਮੁੱਦਾ ਸਪੀਕਰ ਭਾਜਪਾ ਦਾ ਬਣਾਉਣਾ ਹੈ। ਉਨ੍ਹਾ ਦੀ ਚਿੰਤਾ ਸਰਕਾਰ ਬਚਾਉਣ ਦੀ ਹੈ। ਮੋਦੀ ਮਾਨਸਕ ਤੌਰ ’ਤੇ ਟੁੱਟ ਚੁੱਕੇ ਹਨ। ਉਹ ਡਰ ਪੈਦਾ ਕਰਕੇ ਸਰਕਾਰ ਚਲਾਉਦੇ ਸਨ, ਪਰ ਹੁਣ ਲੋਕ ਉਨ੍ਹਾ ਤੋਂ ਡਰਦੇ ਨਹੀਂ। ਇਨ੍ਹਾਂ ਚੋਣਾਂ ਵਿਚ ਲੋਕਾਂ ਵਿਚ ਡਰ ਖਤਮ ਹੋ ਗਿਆ। ਬੀਤੇ ਦਿਨੀਂ ਵਾਰਾਨਸੀ ਦੌਰੇ ਦੌਰਾਨ ਉਨ੍ਹਾ ਦੇ ਕਾਫਲੇ ’ਤੇ ਚੱਪਲ ਸੁੱਟੀ ਗਈ। ਮੋਦੀ ਦੀ 56 ਇੰਚ ਵਾਲੀ ਛਾਤੀ ਹੁਣ 32-35 ਇੰਚ ਦੀ ਹੋ ਗਈ ਹੈ। ਵਾਜਪਾਈ ਜੀ ਤੇ ਮਨਮੋਹਨ ਸਿੰਘ ਜੀ ਨੇ ਵਿਦਿਆਰਥੀਆਂ ਪ੍ਰਤੀ ਹਲੀਮੀ ਨਾਲ ਪੇਸ਼ ਆਉਣਾ ਸੀ, ਪਰ ਮੋਦੀ ਜੀ ਨੂੰ ਇਸ ਦੀ ਪ੍ਰਵਾਹ ਨਹੀਂ ਕਿ ਵਿਦਿਆਰਥੀਆਂ ਤੇ ਨੌਜਵਾਨਾਂ ਨਾਲ ਕੀ ਬੀਤ ਰਹੀ ਹੈ। ਇਸ ਤੋਂ ਪਹਿਲਾਂ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਦੇ ਸਮਰਥਕਾਂ ਨੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ। ਐੱਨ ਐੱਸ ਯੂ ਆਈ ਨੇ ਕਿਹਾ ਕਿ ਲਗਾਤਾਰ ਪੇਪਰ ਲੀਕ ਹੋ ਰਹੇ ਹਨ। ਪਹਿਲਾਂ ਜਿੱਥੇ ਨੀਟ-ਯੂ ਜੀ ਦਾ ਪੇਪਰ ਲੀਕ ਹੋਣ ਕਾਰਨ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗਾ ਸੀ, ਉੱਥੇ ਹੁਣ ਯੂ ਜੀ ਸੀ-ਨੈੱਟ ਪ੍ਰੀਖਿਆ ਵੀ ਰੱਦ ਕਰ ਦਿੱਤੀ ਗਈ ਹੈ।
ਇਸੇ ਦੌਰਾਨ ਕਾਂਗਰਸ ਨੇ ਯੂ ਜੀ ਸੀ-ਨੈੱਟ ਰੱਦ ਕੀਤੇ ਜਾਣ ਤੋਂ ਬਾਅਦ ਵੀਰਵਾਰ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਮੋਦੀ ਸਰਕਾਰ ‘ਲੀਕ ਅਤੇ ਧੋਖਾਧੜੀ’ ਤੋਂ ਬਿਨਾਂ ਕੋਈ ਪ੍ਰੀਖਿਆ ਨਹੀਂ ਕਰਵਾ ਸਕਦੀ। ਸਿੱਖਿਆ ਮੰਤਰਾਲੇ ਨੇ ਬੁੱਧਵਾਰ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਵੱਲੋਂ ਕਰਵਾਈ ਯੂ ਜੀ ਸੀ-ਨੈੱਟ ਨੂੰ ਰੱਦ ਕਰਨ ਦੇ ਆਦੇਸ਼ ਦੇਣ ਤੋਂ ਬਾਅਦ ਮਾਮਲਾ ਪੂਰੀ ਜਾਂਚ ਲਈ ਸੀ ਬੀ ਆਈ ਨੂੰ ਸੌਂਪ ਦਿੱਤਾ ਸੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕੀਤਾਪ੍ਰਧਾਨ ਮੰਤਰੀ ਹਰ ਸਾਲ ‘ਪਰੀਕਸ਼ਾ ਪੇ ਚਰਚਾ’ ਨਾਮਕ ਸ਼ਾਨਦਾਰ ਤਮਾਸ਼ਾ ਕਰਦੇ ਹਨ ਪਰ ਉਨ੍ਹਾ ਦੀ ਸਰਕਾਰ ਲੀਕ ਅਤੇ ਧੋਖਾਧੜੀ ਤੋਂ ਬਿਨਾਂ ਕੋਈ ਪ੍ਰੀਖਿਆ ਨਹੀਂ ਕਰਵਾ ਸਕਦੀ ਹੈ। ਐੱਨ ਈ ਈ ਟੀ-ਗ੍ਰੈਜੂਏਟ 2024 ’ਤੇ ਬਹੁਤ ਗੰਭੀਰ ਸਵਾਲ ਉਠਾਏ ਗਏ ਹਨ। ਸਿੱਖਿਆ ਮੰਤਰੀ ਵੀ ਇਹ ਮੰਨਣ ਲਈ ਮਜਬੂਰ ਹੋ ਗਏ ਹਨ। ਐੱਨ ਟੀ ਏ ਦੀ ਇਮਾਨਦਾਰੀ ਘੋਰ ਸ਼ੱਕ ਦੇ ਘੇਰੇ ਵਿੱਚ ਹੈ।



