ਜੈਪੁਰ : ਇਕ ਪ੍ਰਾਇਮਰੀ ਸਕੂਲ ‘ਚ ਤਾਇਨਾਤ ਅਧਿਆਪਕ ਜੋੜਾ ਖੁਦ ਸਕੂਲ ਜਾਣ ਦੀ ਬਜਾਏ ਤਿੰਨ ਡੰਮੀ ਅਧਿਆਪਕਾਂ ਨੂੰ ਤਨਖਾਹ ‘ਤੇ ਰੱਖ ਕੇ ਡਿਊਟੀ ਦੀ ਖਾਨਾਪੂਰਤੀ ਕਰਦਾ ਰਿਹਾ | ਇਸ ਦਾ ਪਤਾ ਵੀਹ ਸਾਲ ਬਾਅਦ ਲੱਗਿਆ | ਹੁਣ ਸਿੱਖਿਆ ਵਿਭਾਗ ਨੇ ਮਾਮਲਾ ਦਰਜ ਕਰਵਾ ਕੇ ਜੋੜੇ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਦਾ ਨੋਟਿਸ ਜਾਰੀ ਕੀਤਾ ਹੈ | ਪੁਲਸ ਨੇ ਤਿੰਨਾਂ ਡੰਮੀ ਅਧਿਆਪਕਾਂ ਨੂੰ ਗਿ੍ਫਤਾਰ ਕਰ ਲਿਆ ਹੈ ਪਰ ਅਧਿਆਪਕ ਜੋੜਾ ਫਰਾਰ ਹੈ |
ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਅਧਿਆਪਕ ਵਿਸ਼ਣੂ ਗਰਗ ਤੇ ਉਸ ਦੀ ਪਤਨੀ ਮੰਜੂ ਗਰਗ 20 ਸਾਲ ਤੋਂ ਸਰਕਾਰੀ ਮਿਡਲ ਸਕੂਲ ਰਾਜਪੁਰਾ ‘ਚ ਤਾਇਨਾਤ ਸਨ | ਵਿਸ਼ਣੂ ਮੁੱਖ ਅਧਿਆਪਕ ਤੇ ਮੰਜੂ ਅਧਿਆਪਕਾ ਸੀ | ਉਹ ਪਿਛਲੇ ਦੋ ਦਹਾਕਿਆਂ ਤੋਂ ਖੁਦ ਕਦੀ ਸਕੂਲ ‘ਚ ਪੜ੍ਹਾਉਣ ਨਹੀਂ ਗਏ | ਦੋਵਾਂ ਨੇ ਤਿੰਨ ਲੋਕਾਂ ਨੂੰ ਡੰਮੀ ਅਧਿਆਪਕ ਦੇ ਰੂਪ ‘ਚ ਰੱਖਿਆ ਹੋਇਆ ਸੀ | ਉਨ੍ਹਾਂ ਨੂੰ ਪ੍ਰਤੀ ਮਹੀਨਾ ਪੰਜ-ਪੰਜ ਹਜ਼ਾਰ ਰੁਪਏ ਦਿੰਦੇ ਸਨ |
ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਦਸੰਬਰ 2023 ‘ਚ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਸਕੂਲ ਦਾ ਦੌਰਾ ਕੀਤਾ ਤੇ ਦੇਖਿਆ ਕਿ ਉੱਥੇ ਅਸਲ ਅਧਿਆਪਕ ਜੋੜੇ ਦੀ ਥਾਂ ਤਿੰਨ ਡੰਮੀ ਅਧਿਆਪਕ ਦੋ ਔਰਤਾਂ ਤੇ ਇਕ ਮਰਦ ਬੱਚਿਆਂ ਨੂੰ ਪੜ੍ਹਾ ਰਹੇ ਹਨ | ਮਾਮਲਾ ਸਿੱਖਿਆ ਮੰਤਰੀ ਦੇ ਨੋਟਿਸ ‘ਚ ਆਇਆ ਤਾਂ ਉਨ੍ਹਾ ਨੇ ਜਾਂਚ ਕਰਵਾਈ | ਜੋੜੇ ਦਾ ਖੁਦ ਦਾ ਕਾਰੋਬਾਰ ਹੋਣ ਦੀ ਸ਼ਿਕਾਇਤ ਵੀ ਮਿਲੀ ਹੈ, ਜਿਸ ਦੀ ਜਾਂਚ ਕਰਵਾਈ ਜਾ ਰਹੀ ਹੈ | ਸਕੂਲ ‘ਚ 60 ਬੱਚੇ ਪੜ੍ਹਦੇ ਹਨ | ਜੋੜੇ ਦੇ ਇਲਾਵਾ ਹੋਰ ਕੋਈ ਅਧਿਆਪਕ ਸਕੂਲ ‘ਚ ਤਾਇਨਾਤ ਨਹੀਂ ਹੈ | ਜੋੜੇ ਨੂੰ 9 ਕਰੋੜ 31 ਲੱਖ 50 ਹਜ਼ਾਰ 373 ਰੁਪਏ ਦੀ ਵਸੂਲੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ | ਇਸ ਤਹਿਤ ਪਤੀ ਤੋਂ ਚਾਰ ਕਰੋੜ 92 ਲੱਖ 69 ਹਜ਼ਾਰ 146 ਰੁਪਏ ਤੇ ਪਤਨੀ ਤੋਂ ਚਾਰ ਕਰੋੜ 38 ਲੱਖ 81 ਹਜ਼ਾਰ 227 ਰੁਪਏ ਵਸੂਲ ਕੀਤੇ ਜਾਣਗੇ |


