ਮੁਜ਼ੱਫਰਨਗਰ : ਯੂ ਪੀ ਦੇ ਮੁਜ਼ੱਫਰਨਗਰ ‘ਚ 20 ਸਾਲਾ ਨੌਜਵਾਨ ਨੇ ਦੋਸ਼ ਲਾਇਆ ਹੈ ਕਿ ਇਥੋਂ ਦੇ ਹਸਪਤਾਲ ‘ਚ ਉਸ ਦੀ ਸਹਿਮਤੀ ਤੋਂ ਬਗੈਰ ਲਿੰਗ ਬਦਲਣ ਲਈ ਉਸ ਦਾ ਅਪ੍ਰੇਸ਼ਨ ਕਰ ਦਿੱਤਾ ਗਿਆ | ਹਸਪਤਾਲ ਨੇ ਦਾਅਵਾ ਕੀਤਾ ਹੈ ਕਿ ਆਦਮੀ ਨੇ ਆਪਣੀ ਮਰਜ਼ੀ ਨਾਲ ਲਿੰਗ ਬਦਲਵਾਇਆ ਹੈ | ਪੀੜਤ ਨੇ ਦਾਅਵਾ ਕੀਤਾ ਕਿ ਓਮ ਪ੍ਰਕਾਸ਼ ਨਾਂਅ ਦਾ ਬੰਦਾ ਉਸ ਨਾਲ ਛੇੜਛਾੜ ਕਰਦਾ ਸੀ | 3 ਜੂਨ ਨੂੰ ਓਮ ਪ੍ਰਕਾਸ਼ ਉਸ ਨੂੰ ਹਸਪਤਾਲ ਲੈ ਗਿਆ, ਜਿੱਥੇ ਉਸ ਨੂੰ ਬੇਹੋਸ਼ ਕਰ ਦਿੱਤਾ ਗਿਆ ਅਤੇ ਧੋਖੇ ਨਾਲ ਉਸ ਦਾ ਅਪ੍ਰੇਸ਼ਨ ਕਰਾਇਆ ਗਿਆ | ਅਗਲੀ ਸਵੇਰ ਜਦੋਂ ਉਹ ਉੱਠਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਗੁਪਤ ਅੰਗ ਕੱਟੇ ਹੋਏ ਸਨ | ਇਸ ‘ਤੇ ਓਮ ਪ੍ਰਕਾਸ਼ ਨੇ ਉਸ ਨੂੰ ਦੱਸਿਆ ਕਿ ਹੁਣ ਤੰੂ ਔਰਤ ਹੈਂ ਤੇ ਉਹ ਵਿਆਹ ਕਰਾਉਣ ਲਈ ਉਸ ਨੂੰ ਲਖਨਊ ਲੈ ਜਾਵੇਗਾ | ਪੀੜਤ ਨੇ ਕਿਹਾ ਕਿ ਓਮ ਪ੍ਰਕਾਸ਼ ਨੇ ਧਮਕੀ ਦਿੱਤੀ ਸੀ ਕਿ ਜੇ ਉਸ ਨੇ ਰੌਲਾ ਪਾਇਆ ਤਾਂ ਉਹ ਉਸ ਦੇ ਪਿਤਾ ਦਾ ਕਤਲ ਕਰ ਦੇਵੇਗਾ | ਪੀੜਤ ਨੇ ਕਿਹਾ ਕਿ ਡਾਕਟਰ ਅਤੇ ਸਟਾਫ ਓਮ ਪ੍ਰਕਾਸ਼ ਨਾਲ ਮਿਲੇ ਹੋਏ ਸਨ | 16 ਜੂਨ ਨੂੰ ਪੀੜਤ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਓਮ ਪ੍ਰਕਾਸ਼ ਨੂੰ ਗਿ੍ਫਤਾਰ ਕਰ ਲਿਆ ਹੈ |
ਉਧਰ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਪੁਲਸ ਜਾਂਚ ‘ਚ ਢਿੱਲਮੱਠ ਦਾ ਦੋਸ਼ ਲਾਉਂਦਿਆਂ ਹਸਪਤਾਲ ਦੇ ਬਾਹਰ ਧਰਨਾ ਦਿੱਤਾ | ਕਿਸਾਨ ਆਗੂ ਸ਼ਿਆਮ ਪਾਲ ਅਨੁਸਾਰ ਹਸਪਤਾਲ ਦੇ ਡਾਕਟਰ ਗੈਰ-ਕਾਨੂੰਨੀ ਅੰਗਾਂ ਦੇ ਵਪਾਰ ‘ਚ ਸ਼ਾਮਲ ਸਨ | ਪਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਸਪਤਾਲ ਨੂੰ ਪੀੜਤ ਅਤੇ ਉਸ ਦੇ ਪਰਵਾਰ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਜਾਵੇ | ਹਸਪਤਾਲ ਦੇ ਅਧਿਕਾਰੀਆਂ ਨੇ ਵਿਅਕਤੀ ਦੇ ਇਸ ਦਾਅਵੇ ਤੋਂ ਇਨਕਾਰ ਕੀਤਾ ਕਿ ਉਸ ਦਾ ਧੋਖੇ ਨਾਲ ਅਪ੍ਰੇਸ਼ਨ ਕੀਤਾ ਗਿਆ | ਚੀਫ ਮੈਡੀਕਲ ਸੁਪਰਡੈਂਟ ਕੀਰਤੀ ਗੋਸਵਾਮੀ ਮੁਤਾਬਕ ਇਹ ਵਿਅਕਤੀ ਦੋ ਮਹੀਨਿਆਂ ਤੋਂ ਪਲਾਸਟਿਕ ਸਰਜਨ ਨੂੰ ਮਿਲਣ ਲਈ ਲਗਾਤਾਰ ਹਸਪਤਾਲ ਆ ਰਿਹਾ ਸੀ | ਉਸ ਦਾ ਅਪ੍ਰੇਸ਼ਨ 6 ਜੂਨ ਨੂੰ ਕੀਤਾ ਗਿਆ ਸੀ | ਇਹ ਸਾਰੀਆਂ ਪ੍ਰਕਿਰਿਆਵਾਂ ਕਾਨੂੰਨੀ ਹਨ |


