ਨਵੀਂ ਦਿੱਲੀ : ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਹੈ ਕਿ ਕੁਝ ਗਲਤੀਆਂ ਕਾਰਨ ਬਿਹਾਰ ਵਿਚ ਆਪੋਜ਼ੀਸ਼ਨ ਦੇ ਗੱਠਜੋੜ ‘ਇੰਡੀਆ’ ਨੇ ਸੀਟਾਂ ਗੁਆਈਆਂ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਗੱਠਜੋੜ ਛੱਡ ਕੇ ਭਾਜਪਾ ਨਾਲ ਚਲੇ ਜਾਣ ਨਾਲ ਵੀ ਨੁਕਸਾਨ ਹੋਇਆ।
ਨਿਤੀਸ਼ ਕੁਮਾਰ ਦਾ ਜਨਤਾ ਦਲ (ਯੂ) ਰਾਜਦ-ਕਾਂਗਰਸ-ਲੈਫਟ ਦੇ ਮਹਾਂਗਠਬੰਧਨ ਦੇ ਨਾਲ ਸੀ, ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਵਿਚ ਸ਼ਾਮਲ ਹੋ ਗਿਆ ਸੀ। ਸੂਬੇ ਦੀਆਂ 40 ਸੀਟਾਂ ਵਿੱਚੋਂ ਐੱਨ ਡੀ ਏ ਨੇ 30 ਸੀਟਾਂ ਜਿੱਤੀਆਂ, ਜਦਕਿ ਮਹਾਂਗਠਬੰਧਨ ਦੇ ਹਿੱਸੇ 9 ਆਈਆਂ। ਇਕ ਸੀਟ ਆਜ਼ਾਦ ਪੱਪੂ ਯਾਦਵ ਨੇ ਜਿੱਤੀ।
ਭੱਟਾਚਾਰੀਆ ਨੇ ਇੱਥੇ ਖਬਰ ਏਜੰਸੀ ਪੀ ਟੀ ਆਈ ਦੇ ਐਡੀਟਰਾਂ ਨਾਲ ਗੱਲਬਾਤ ’ਚ ਕਿਹਾ ਕਿ ਰਾਜਦ ਨੇ ਪੂਰਨੀਆ ਸੀਟ ਕਾਂਗਰਸ ਲਈ ਨਹੀਂ ਛੱਡੀ ਤੇ ਉੱਥੇ ਆਜ਼ਾਦ ਪੱਪੂ ਯਾਦਵ ਜਿੱਤ ਗਏ। ਸੀ ਪੀ ਆਈ (ਐੱਮ ਐੱਲ) ਨੇ ਸੀਵਾਨ ਸੀਟ ਮੰਗੀ ਸੀ, ਪਰ ਰਾਜਦ ਨੇ ਆਪਣਾ ਉਮੀਦਵਾਰ ਖੜ੍ਹਾ ਕਰ ਦਿੱਤਾ, ਜਿਹੜਾ ਤੀਜੇ ਨੰਬਰ ’ਤੇ ਰਿਹਾ ਤੇ ਸੀਟ ਜਨਤਾ ਦਲ (ਯੂ) ਜਿੱਤ ਗਿਆ।
ਆਰ੍ਹਾ ਤੇ ਕਾਰਾਕਟ ਸੀਟ ਜਿੱਤਣ ਵਾਲੀ ਸੀ ਪੀ ਆਈ (ਐੱਮ ਐੱਲ) ਦੇ ਆਗੂ ਨੇ ਪੂਰਨੀਆ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਪੱਪੂ ਯਾਦਵ ਦੀ ਜਿੱਤ ਹੋਈ। ਰਾਜਦ ਨੇ ਪੂਰਾ ਜ਼ੋਰ ਲਾਇਆ, ਪਰ ਉਸ ਦੀ ਉਮੀਦਵਾਰ ਨੂੰ 30 ਹਜ਼ਾਰ ਵੋਟਾਂ ਵੀ ਨਹੀਂ ਮਿਲੀਆਂ। ਪੱਪੂ ਯਾਦਵ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਏ ਸਨ। ਰਾਜਦ ਵੱਲੋਂ ਕਾਂਗਰਸ ਲਈ ਸੀਟ ਛੱਡਣ ਤੋਂ ਨਾਂਹ ਕਰਨ ’ਤੇ ਆਜ਼ਾਦ ਲੜੇ। ਰਾਜਦ ਉਮੀਦਵਾਰ ਬੀਮਾ ਭਾਰਤੀ ਨੂੰ 27 ਹਜ਼ਾਰ ਵੋਟਾਂ ਹੀ ਮਿਲੀਆਂ। ਇਸ ਦਾ ਅਰੱਰੀਆ, ਸੁਪੌਲ ਤੇ ਮਧੇਪੁਰਾ ਦੀਆਂ ਸੀਟਾਂ ’ਤੇ ਵੀ ਅਸਰ ਪਿਆ। ਭੱਟਾਚਾਰੀਆ ਨੇ ਕਿਹਾ ਕਿ ਉਨ੍ਹਾ ਦੀ ਪਾਰਟੀ ਨੇ ਸੀਵਾਨ ਸੀਟ ਮੰਗੀ ਸੀ ਤੇ ਉਨ੍ਹਾ ਨੂੰ ਫੀਡਬੈਕ ਮਿਲੀ ਕਿ ਜੇ ਉਨ੍ਹਾ ਦਾ ਉਮੀਦਵਾਰ ਖੜ੍ਹਾ ਹੁੰਦਾ ਤਾਂ ਜਿੱਤ ਪੱਕੀ ਸੀ। ਸੀਵਾਨ ਸੀਟ ਜਿੱਤਣ ਦਾ ਫਾਇਦਾ ਨਾਲ ਲਗਦੀਆਂ ਛਪਰਾ ਤੇ ਮਹਾਰਾਜਗੰਜ ਅਤੇ ਇੱਥੋਂ ਤੱਕ ਕਿ ਗੋਪਾਲਗੰਜ ਵਿਚ ਵੀ ਹੋਣਾ ਸੀ।
ਭੱਟਾਚਾਰੀਆ ਨੇ ਕਿਹਾ ਕਿ ਪਿਛਲੀਆਂ ਅਸੰਬਲੀ ਚੋਣਾਂ ਵਿਚ ਮਹਾਂਗਠਬੰਧਨ ਦਾ ਦੱਖਣੀ ਬਿਹਾਰ ਵਿਚ ਪ੍ਰਦਰਸ਼ਨ ਵਧੀਆ ਰਿਹਾ ਸੀ ਤੇ ਲੋਕ ਸਭਾ ਚੋਣਾਂ ਵਿਚ ਵੀ ਦੱਖਣੀ ਬਿਹਾਰ ਵਿਚ ਚੰਗਾ ਰਿਹਾ। ਉੱਤਰ ਬਿਹਾਰ ਵਿਚ ਮਿਥਲੀਆ, ਚੰਪਾਰਨ, ਸਾਰਨ ਤੇ ਕੋਸ਼ੀ ਵਿਚ ਐੱਨ ਡੀ ਏ ਨੇ ਫਿਰ ਵਧੀਆ ਪ੍ਰਦਰਸ਼ਨ ਕੀਤਾ, ਜਿੱਥੇ ਮਹਾਂਗਠਬੰਧਨ ਨੂੰ ਜ਼ੋਰ ਲਾਉਣਾ ਪੈਣਾ ਹੈ।
ਉਨ੍ਹਾ ਕਿਹਾ ਕਿ ਨਿਤੀਸ਼ ਕੁਮਾਰ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਉਮੀਦ ਸੀ ਕਿ ਜਨਤਾ ਦਲ (ਯੂ) ਤੇ ਲੋਕ ਜਨਸ਼ਕਤੀ (ਰਾਮ ਵਿਲਾਸ) ਨੂੰ ਧੱਕਾ ਲੱਗੇਗਾ, ਪਰ ਉਹ ਵਧੀਆ ਪ੍ਰਦਰਸ਼ਨ ਕਰ ਗਏ, ਜਦਕਿ ਧੱਕਾ ਭਾਜਪਾ ਨੂੰ ਲੱਗਾ।
ਲੋਕ ਸਭਾ ਚੋਣਾਂ ਵਿਚ ਭਾਜਪਾ ਨੇ 17 ਸੀਟਾਂ ਲੜ ਕੇ 12 ਜਿੱਤੀਆਂ, ਜਦਕਿ 2019 ਵਿਚ 17 ਜਿੱਤੀਆਂ ਸਨ। ਜਨਤਾ ਦਲ (ਯੂ) ਨੇ 16 ਸੀਟਾਂ ਲੜ ਕੇ 12 ਜਿੱਤੀਆਂ, ਜਦਕਿ 2019 ਵਿਚ 16 ਜਿੱਤੀਆਂ ਸਨ। ਉਨ੍ਹਾ ਕਿਹਾ ਕਿ ਐਗਜ਼ਿਟ ਪੋਲ ਕਰਨ ਵਾਲਿਆਂ ਨੇ ਯੂ ਪੀ ਦਾ ਤਾਂ ਸਹੀ ਅੰਦਾਜ਼ਾ ਲਾ ਲਿਆ, ਪਰ ਬਿਹਾਰ ਦਾ ਨਹੀਂ ਲਾ ਸਕੇ, ਕਿਉਕਿ ਉਨ੍ਹਾ ਨਿਤੀਸ਼ ਕੁਮਾਰ ਦੀ ਤਾਕਤ ਨਹੀਂ ਪਛਾਣੀ। ਭੱਟਾਚਾਰੀਆ ਨੇ ਕਿਹਾ ਕਿ ਉਮੀਦ ਹੈ ਕਿ ਅਸੰਬਲੀ ਚੋਣਾਂ ਵਿਚ ਮਹਾਂਗਠਬੰਧਨ ਵਧੀਆ ਪ੍ਰਦਰਸ਼ਨ ਕਰੇਗਾ। ਉਨ੍ਹਾ ਕਿਹਾ ਕਿ ਬਿਹਾਰ ਦੀ ਸਿਆਸਤ ’ਚ ਪੁਰਾਣਿਆਂ ਦੀ ਥਾਂ ਨਵੇਂ ਲੈ ਰਹੇ ਹਨ। ਬਿਹਾਰ ਤਬਦੀਲੀ ਦੇ ਦੌਰ ਵਿੱਚੋਂ ਨਿਕਲ ਰਿਹਾ ਹੈ।



