ਵੈਨਕੂਵਰ : ਕੈਨੇਡੀਅਨ ਸੰਸਦ ਮੈਂਬਰ ਨੇ ਵੱਖਵਾਦੀ ਅਤੇ ਭਾਰਤ ਵੱਲੋਂ ਅੱਤਵਾਦੀ ਕਰਾਰ ਦਿੱਤੇ ਗਏ ਹਰਦੀਪ ਸਿੰਘ ਨਿੱਝਰ ਦੀ ਬਰਸੀ ਮੌਕੇ ਕੈਨੇਡੀਅਨ ਸੰਸਦ ਮੈਂਬਰਾਂ ਵੱਲੋਂ ਹਾਊਸ ਆਫ ਕਾਮਨਜ਼ ਵਿਚ ਮੌਨ ਰੱਖਣ ਦੀ ਆਲੋਚਨਾ ਕੀਤੀ ਹੈ। ਨੇਪੀਅਨ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਆਪਣੀ ਹੀ ਸਰਕਾਰ ਦੇ ਰੁਖ ’ਤੇ ਅਸੰਤੁਸ਼ਟੀ ਪ੍ਰਗਟਾਉਦਿਆਂ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਜਦ ਸੰਸਦ ਮੌਨ ਰੱਖਣ ਦਾ ਫੈਸਲਾ ਕਰਦੀ ਹੈ ਤਾਂ ਉਹ ਕੁੱਝ ਮਹਾਨ ਕੈਨੇਡੀਅਨਾਂ ਲਈ ਹੁੰਦਾ ਹੈ, ਜਿਨ੍ਹਾਂ ਨੇ ਦੇਸ਼ਵਾਸੀਆਂ ਦੀ ਜ਼ਿੰਦਗੀ ਲਈ ਮਹਾਨ ਸੇਵਾ ਕੀਤੀ ਹੋਵੇ। ਨਿੱਝਰ ਉਨ੍ਹਾਂ ਵਿੱਚੋਂ ਇੱਕ ਨਹੀਂ ਸੀ। ਆਰੀਆ ਨੇ ਨਿੱਝਰ ਦੀ ਹੱਤਿਆ ਨੂੰ ਵਿਦੇਸ਼ ਸਰਕਾਰ ਨਾਲ ਜੋੜਨ ਦੇ ਭਰੋਸੇਯੋਗ ਦੋਸ਼ਾਂ ਦੇ ਬਾਵਜੂਦ ਨਿੱਝਰ ਦੇ ਰੁਤਬੇ ਨੂੰ ਉੱਚਾ ਚੁੱਕਣ ਦੀ ਆਲੋਚਨਾ ਕੀਤੀ। ਆਰੀਆ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਸਹਿਯੋਗੀ ਅਤੇ ਖਾਲਿਸਤਾਨ ਦਾ ਵਿਰੋਧ ਕਰਨ ਲਈ ਜਾਣਿਆ ਜਾਂਦਾ ਹੈ।




