ਜਲੰਧਰ (ਸੁਰਿੰਦਰ ਕੁਮਾਰ)-ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਨੇ ਮੰਗਲਵਾਰ ਇੱਥੇ ਮੀਟਿੰਗ ਕਰਕੇ ਨਵੀਂ ਲੀਡਰਸ਼ਿਪ ਹੇਠ ਪਾਰਟੀ ਨੂੰ ਅੱਗੇ ਵਧਾਉਣ ਦੇ ਢੰਗ-ਤਰੀਕਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਨੇੜੇ ਰਹੇ ਸੁਰਜੀਤ ਸਿੰਘ ਰੱਖੜਾ ਤੋਂ ਇਲਾਵਾ ਸਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਕਿਰਨਜੋਤ ਕੌਰ, ਮਨਜੀਤ ਸਿੰਘ, ਸੁਰਿੰਦਰ ਸਿੰਘ ਭੁੂਲੇਵਾਲ ਰਾਠਾਂ, ਗੁਰਪ੍ਰਤਾਪ ਸਿੰਘ ਵਡਾਲਾ, ਚਰਨਜੀਤ ਸਿੰਘ ਬਰਾੜ, ਹਰਿੰਦਰਪਾਲ ਸਿੰਘ ਟੌਹੜਾ, ਗਗਨਅਜੀਤ ਸਿੰਘ ਬਰਨਾਲਾ, ਪਰਮਜੀਤ ਕੌਰ ਲਾਂਡਰਾਂ, ਪਰਮਿੰਦਰ ਸਿੰਘ ਢੀਂਡਸਾ, ਬਲਬੀਰ ਸਿੰਘ ਘੁੰਨਸ, ਰਣਧੀਰ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਕਰਨੈਲ ਸਿੰਘ ਪੰਜੋਲੀ ਤੇ ਸਰਵਣ ਸਿੰਘ ਫਿਲੌਰ ਸ਼ਾਮਲ ਹੋਏ। ਪੰਜ ਘੰਟੇ ਚੱਲੀ ਮੀਟਿੰਗ, ਜਿਸ ਵਿਚ ਮਤਾ ਵੀ ਪਾਸ ਕੀਤਾ ਗਿਆ, ਤੋਂ ਬਾਅਦ ਪ੍ਰੋਫੈਸਰ ਚੰਦੂਮਾਜਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਅਰਸ਼ ਤੋਂ ਫਰਸ਼ ’ਤੇ ਆ ਗਈ ਹੈ। ਉਨ੍ਹਾ ਕਿਹਾਅਸੀਂ ਪਾਰਟੀ ਦੇ ਗਰਾਫ ਨੂੰ ਉੱਚਾ ਚੁੱਕਣ ਲਈ ਵਿਚਾਰ-ਵਟਾਂਦਰਾ ਕੀਤਾ। ਆਗੂ ਪਹਿਲੀ ਜੁਲਾਈ ਨੂੰ ਅਕਾਲ ਤਖਤ ’ਤੇ ਜਾ ਕੇ ਭੁੱਲਾਂ ਬਖਸ਼ਾਉਣਗੇ। ਉੱਥੋਂ ‘ਸ਼੍ਰੋਮਣੀ ਅਕਾਲੀ ਦਲ ਬਚਾਓ’ ਲਹਿਰ ਸ਼ੁਰੂ ਕੀਤੀ ਜਾਵੇਗੀ। ਬੁੱਧੀਜੀਵੀਆਂ ਨੂੰ ਨਾਲ ਲਿਆ ਜਾਵੇਗਾ ਅਤੇ ਪਾਰਟੀ ਦੀ ਅਗਵਾਈ ਕਰਨ ਲਈ ਨਵਾਂ ਆਗੂ ਚੁਣਿਆ ਜਾਵੇਗਾ। ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਦੇ ਫਤਵੇ ਨੂੰ ਅਵੱਸ਼ ਸੁਣਨਾ ਪਵੇਗਾ। ਉਨ੍ਹਾ ਕਿਹਾ ਕਿ 15-21 ਮੈਂਬਰੀ ਕਮੇਟੀ ਕਾਇਮ ਕੀਤੀ ਜਾਵੇਗੀ।





