ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਮੰਗਲਵਾਰ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾ ਪਾਰਟੀ ਦੀ ਕੋਰ ਕਮੇਟੀ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਭਾਜਪਾ ਨਾਲ ਗੈਰ-ਸਿਧਾਂਤਕ ਗੱਠਜੋੜ ਨਹੀਂ ਕਰ ਸਕਦੇ। ਪਾਰਟੀ ਦੇ ਜ਼ਿਲ੍ਹਾ ਜਥੇਦਾਰਾਂ ਦੀ ਮੀਟਿੰਗ ਵਿਚ ਸੁਖਬੀਰ ਨੇ ਕਿਹਾ ਕਿ ਪੰਥ, ਕਿਸਾਨਾਂ, ਦੱਬੇ-ਕੁਚਲੇ ਵਰਗਾਂ ਨਾਲ ਧੋਖਾ ਨਹੀਂ ਕੀਤਾ ਜਾ ਸਕਦਾ। ਜਿਹੜੇ ਲੋਕ ਪੰਥ, ਪੰਜਾਬ, ਕਿਸਾਨਾਂ ਅਤੇ ਦੱਬੇ-ਕੁਚਲੇ ਵਰਗਾਂ ਨਾਲ ਧੋਖਾ ਕਰਨ ਲਈ ਤਿਆਰ ਹਨ, ਉਹ ਆਪਣੇ ਰਾਹ ’ਤੇ ਚੱਲਣ ਲਈ ਆਜ਼ਾਦ ਹਨ। ਮੀਟਿੰਗ ਦੌਰਾਨ ਜ਼ਿਲ੍ਹਾ ਜਥੇਦਾਰਾਂ ਨੇ ਪੰਥ ਅਤੇ ਪੰਜਾਬ ਨੂੰ ਆਗੂ ਰਹਿਤ ਕਰਨ ਲਈ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਦੀ ਕਰੜੀ ਨਿੰਦਾ ਕੀਤੀ। ਉਨ੍ਹਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦਿ੍ਰੜ੍ਹ ਅਤੇ ਸਿਧਾਂਤਕ ਅਗਵਾਈ ਦੀ ਸ਼ਲਾਘਾ ਕੀਤੀ। ਸੁਖਬੀਰ ਨੇ ਕਿਹਾ ਕਿ ਹਤਾਸ਼ ਸਿਆਸਤਦਾਨ ਮਹਾਰਾਸ਼ਟਰ ਤੋਂ ਸਬਕ ਸਿੱਖਣ। ਭਾਜਪਾ ਨੇ ਮਹਾਰਾਸ਼ਟਰ ਦੀ ਖੇਤਰੀ ਪਾਰਟੀ ਨੂੰ ਤੋੜ ਦਿੱਤਾ, ਪਰ ਲੋਕਾਂ ਨੇ ਫਿਰ ਵੀ ਜਾਲ੍ਹੀ ਪਾਰਟੀ ਨੂੰ ਨਕਾਰ ਦਿੱਤਾ। ਸੁਖਬੀਰ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੂੰ ਪੰਥ ਵਿਰੋਧੀ ਮਨਸੂਬਿਆਂ ਦੀ ਕਠਪੁਤਲੀ ਨਹੀਂ ਬਣਨ ਦਿੱਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਲਈ ਔਖੇ ਸਮੇਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਪੰਥ ਅਤੇ ਪੰਜਾਬ ਦੀ ਇੱਜ਼ਤ ਨੂੰ ਤੋੜ-ਮਰੋੜ ਕੇ ਨਿੱਜੀ ਮੁਨਾਫੇ ਦੇ ਚਾਹਵਾਨ ਆਪਣੀ ਮਰਜ਼ੀ ਅਨੁਸਾਰ ਚੱਲਣ ਲਈ ਸੁਤੰਤਰ ਹਨ। ਪਾਰਟੀ ਪੰਥਕ ਸਿਧਾਂਤਾਂ ’ਤੇ ਡਟ ਕੇ ਖੜ੍ਹੀ ਹੈ।





