ਨਵੀਂ ਦਿੱਲੀ : ਹਾਕਮ ਧਿਰ ਤੇ ਆਪੋਜ਼ੀਸ਼ਨ ਵਿਚਾਲੇ ਕਿਸੇ ਨਾਂਅ ’ਤੇ ਸਹਿਮਤੀ ਨਾ ਬਣਨ ’ਤੇ ਬੁੱਧਵਾਰ ਵੋਟਿੰਗ ਨਾਲ ਲੋਕ ਸਭਾ ਦਾ ਸਪੀਕਰ ਚੁਣਿਆ ਜਾਵੇਗਾ। ਆਜ਼ਾਦ ਭਾਰਤ ’ਚ ਹੁਣ ਤੱਕ ਸਰਬਸੰਮਤੀ ਨਾਲ ਸਪੀਕਰ ਦੀ ਚੋਣ ਹੁੰਦੀ ਆਈ ਹੈ। ਓਮ ਬਿਰਲਾ ਨੇ ਸੱਤਾਧਾਰੀ ਐੱਨ ਡੀ ਏ ਉਮੀਦਵਾਰ ਵਜੋਂ ਸਪੀਕਰ ਦੇ ਅਹੁਦੇ ਲਈ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਬਿਰਲਾ ਪਿਛਲੀ ਲੋਕ ਸਭਾ ’ਚ ਵੀ ਸਪੀਕਰ ਸਨ। ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਦੂਜੇ ਪਾਸੇ ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਵੱਲੋਂ ਕਾਂਗਰਸ ਦੇ ਕੋਡੀਕੁਨਿਲ ਸੁਰੇਸ਼ ਨੇ ਕਾਗਜ਼ ਦਾਖਲ ਕੀਤੇ।
ਇਸ ਤੋਂ ਪਹਿਲਾਂ ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਅਤੇ ਡੀ ਐੱਮ ਕੇ ਨੇਤਾ ਟੀ ਆਰ ਬਾਲੂ ਨੇ ਸਪੀਕਰ ਦੇ ਅਹੁਦੇ ਲਈ ਐੱਨ ਡੀ ਏ ਉਮੀਦਵਾਰ ਨੂੰ ਸਮਰਥਨ ਦੇਣ ਤੋਂ ਇਨਕਾਰ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਦਫਤਰ ਤੋਂ ਵਾਕਆਊਟ ਕੀਤਾ। ਵੇਣੂਗੋਪਾਲ ਨੇ ਦੋਸ਼ ਲਾਇਆ ਕਿ ਸਰਕਾਰ ਨੇ ਡਿਪਟੀ ਸਪੀਕਰ ਦਾ ਅਹੁਦਾ ਵਿਰੋਧੀ ਧਿਰ ਨੂੰ ਦੇਣ ਲਈ ਵਚਨਬੱਧਤਾ ਨਹੀਂ ਪ੍ਰਗਟਾਈ। ਆਪੋਜ਼ੀਸ਼ਨ ਚਾਹੁੰਦੀ ਸੀ ਕਿ ਸਪੀਕਰ ਸੱਤਾਧਾਰੀਆਂ ਦਾ ਹੋ ਜਾਵੇ, ਪਰ ਡਿਪਟੀ ਸਪੀਕਰ ਦਾ ਅਹੁਦਾ ਰਵਾਇਤ ਮੁਤਾਬਕ ਆਪੋਜ਼ੀਸ਼ਨ ਨੂੰ ਦਿੱਤਾ ਜਾਵੇ।
ਉਧਰ, ਰਾਹੁਲ ਗਾਂਧੀ ਨੇ ਕਿਹਾ ਕਿ ਲੋਕ ਸਭਾ ਦੇ ਡਿਪਟੀ ਸਪੀਕਰ ਦਾ ਅਹੁਦਾ ਵਿਰੋਧੀ ਧਿਰ ਨੂੰ ਦੇਣ ਦੀ ਪ੍ਰੰਪਰਾ ਹੈ, ਜੇ ਨਰਿੰਦਰ ਮੋਦੀ ਸਰਕਾਰ ਇਸ ਰਵਾਇਤ ਦਾ ਪਾਲਣ ਕਰਦੀ ਹੈ ਤਾਂ ਸਮੁੱਚੀ ਵਿਰੋਧੀ ਧਿਰ ਸਦਨ ਦੇ ਸਪੀਕਰ ਦੀ ਚੋਣ ਦੌਰਾਨ ਸਰਕਾਰ ਦਾ ਸਮਰਥਨ ਕਰੇਗੀ।
ਸੰਸਦ ਭਵਨ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਇਹ ਵੀ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸਮਰਥਨ ਲਈ ਫੋਨ ਕੀਤਾ ਸੀ ਅਤੇ ਉਨ੍ਹਾ ਨੂੰ ਦੁਬਾਰਾ ਫੋਨ ਕਰਨ ਦੀ ਗੱਲ ਕੀਤੀ ਸੀ, ਪਰ ਹਾਲੇ ਤੱਕ ਉਨ੍ਹਾ ਦਾ ਫੋਨ ਨਹੀਂ ਆਇਆ। ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਵਿਰੋਧੀ ਧਿਰ ਤੋਂ ਉਸਾਰੂ ਸਹਿਯੋਗ ਦੀ ਆਸ ਰੱਖਦੇ ਹਨ, ਪਰ ਕਾਂਗਰਸੀ ਆਗੂ ਦਾ ਅਪਮਾਨ ਕੀਤਾ ਜਾ ਰਿਹਾ ਹੈ।


