ਕੋਲਕਾਤਾ : ਨੋਬੇਲ ਇਨਾਮ ਜੇਤੂ ਅਮਰਤਿਯਾ ਸੇਨ ਨੇ ਕਿਹਾ ਹੈ ਕਿ ਹਾਲੀਆ ਲੋਕ ਸਭਾ ਚੋਣਾਂ ਦੇ ਨਤੀਜੇ ਦਰਸਾਉਦੇ ਹਨ ਕਿ ਭਾਰਤ ‘ਹਿੰਦੂ ਰਾਸ਼ਟਰ’ ਨਹੀਂ ਹੈ। ਉਨ੍ਹਾਂ ਇਸ ਗੱਲ ’ਤੇ ਨਾਖੁਸ਼ੀ ਜ਼ਾਹਰ ਕੀਤੀ ਹੈ ਕਿ ਇਸ ਦੇਸ਼ ਵਿਚ ਬਿਨਾਂ ਮੁਕੱਦਮੇ ਦੇ ਲੋਕਾਂ ਨੂੰ ਸਲਾਖਾਂ ਪਿੱਛੇ ਬੰਦ ਕਰਨਾ ਅੰਗਰੇਜ਼ਾਂ ਦੇ ਰਾਜ ਵੇਲੇ ਤੋਂ ਚੱਲਿਆ ਆ ਰਿਹਾ ਹੈ। ਅਮਰੀਕਾ ਤੋਂ ਕੋਲਕਾਤਾ ਪਰਤਣ ’ਤੇ 90 ਸਾਲਾ ਸੇਨ ਨੇ ਬੁੱਧਵਾਰ ਹਵਾਈ ਅੱਡੇ ’ਤੇ ਇਕ ਬੰਗਾਲੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾਅਸੀਂ ਹਰ ਚੋਣ ਤੋਂ ਬਾਅਦ ਤਬਦੀਲੀ ਦੀ ਆਸ ਕਰਦੇ ਹਾਂ, ਪਰ ਬਿਨਾਂ ਮੁਕੱਦਮਾ ਚਲਾਏ ਲੋਕਾਂ ਨੂੰ ਸਲਾਖਾਂ ਪਿੱਛੇ ਰੱਖਣ ਅਤੇ ਅਮੀਰ ਤੇ ਗਰੀਬ ਵਿਚਾਲੇ ਪਾੜਾ ਵਧਣ ਦਾ ਵਰਤਾਰਾ ਅਜੇ ਵੀ ਜਾਰੀ ਹੈ। ਇਹ ਖਤਮ ਹੋਣਾ ਚਾਹੀਦਾ ਹੈ।
ਉੱਘੇ ਅਰਥਸ਼ਾਸਤਰੀ ਨੇ ਕਿਹਾ ਕਿ ਸਿਆਸੀ ਫਰਾਖਦਿਲੀ ਦੀ ਲੋੜ ਹੈ, ਖਾਸਕਰ ਜਦੋਂ ਭਾਰਤ ਸੈਕੂਲਰ ਸੰਵਿਧਾਨ ਵਾਲਾ ਸੈਕੂਲਰ ਦੇਸ਼ ਹੈ। ਭਾਰਤ ਨੂੰ ਹਿੰਦੂ ਰਾਸ਼ਟਰ ਵਿਚ ਬਦਲਣਾ ਢੁੱਕਵਾਂ ਨਹੀਂ। ਉਨ੍ਹਾ ਇਹ ਵੀ ਕਿਹਾ ਕਿ ਨਵੀਂ ਕੇਂਦਰੀ ਕੈਬਨਿਟ ਪੁਰਾਣੀ ਦੀ ਹੀ ਕਾਪੀ ਹੈ। ਮਾੜੇ-ਮੋਟੇ ਫੇਰਬਦਲ ਦੇ ਬਾਵਜੂਦ ਮੰਤਰੀਆਂ ਕੋਲ ਪਹਿਲਾਂ ਵਾਲੇ ਹੀ ਮੰਤਰਾਲੇ ਹਨ। ਸਿਆਸੀ ਤੌਰ ’ਤੇ ਤਾਕਤਵਰ ਅਜੇ ਵੀ ਤਾਕਤਵਰ ਹਨ।
ਬਿ੍ਰਟਿਸ਼ ਰਾਜ ਦੌਰਾਨ ਆਪਣੇ ਬਚਪਨ ਦੀ ਗੱਲ ਕਰਦਿਆਂ ਸੇਨ ਨੇ ਕਿਹਾ ਕਿ ਉਦੋਂ ਲੋਕਾਂ ਨੂੰ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ਵਿਚ ਡੱਕ ਦਿੱਤਾ ਜਾਂਦਾ ਸੀ। ਉਨ੍ਹਾ ਕਿਹਾਜਦੋਂ ਮੈਂ ਜਵਾਨ ਸੀ, ਮੇਰੇ ਕਈ ਚਾਚੇ-ਤਾਏ ਤੇ ਭਰਾ ਬਿਨਾਂ ਮੁਕੱਦਮਾ ਜੇਲ੍ਹਾਂ ਵਿਚ ਡੱਕੇ ਦਿੱਤੇ ਗਏ ਸਨ। ਅਸੀਂ ਆਸ ਕਰਦੇ ਸਾਂ ਕਿ ਭਾਰਤ ਨੂੰ ਇਸ ਤੋਂ ਆਜ਼ਾਦੀ ਮਿਲੇਗੀ। ਕਾਂਗਰਸ ਵੀ ਇਸ ਲਈ ਦੋਸ਼ੀ ਹੈ, ਕਿਉਕਿ ਉਸ ਦੇ ਰਾਜ ਵਿਚ ਵੀ ਇਹ ਬੰਦ ਨਹੀਂ ਹੋਇਆ। ਉਸ ਨੇ ਤਬਦੀਲੀ ਨਹੀਂ ਲਿਆਂਦੀ, ਪਰ ਵਰਤਮਾਨ ਹਕੂਮਤ ਤਹਿਤ ਤਾਂ ਜੇਲ੍ਹਾਂ ਅੰਦਰ ਡੱਕਣ ਦਾ ਕੰਮ ਜ਼ਿਆਦਾ ਹੀ ਵਧ ਗਿਆ ਹੈ।


