ਰਾਜੇ ਦਾ ਡੰਡਾ ਲੋਕ ਸਭਾ ’ਚੋਂ ਬਾਹਰ ਕਰਨ ਦੀ ਮੰਗ

0
215

ਨਵੀਂ ਦਿੱਲੀ : ਸੰਸਦ ਦੇ ਵਰਤਮਾਨ ਸੈਸ਼ਨ ਵਿਚ ਲੋਕ ਸਭਾ ਸਪੀਕਰ ਦੀ ਕੁਰਸੀ ਦੇ ਨਾਲ ‘ਸੇਂਗੋਲ’ ਸਥਾਪਤ ਕਰਨ ਦਾ ਮੁੱਦਾ ਗਰਮਾ ਗਿਆ ਹੈ। ਆਪੋਜ਼ੀਸ਼ਨ ਮੈਂਬਰਾਂ ਨੇ ਇਸ ਨੂੰ ਹਟਾ ਕੇ ਭਾਰਤੀ ਸੰਵਿਧਾਨ ਦੀ ਕਾਪੀ ਪ੍ਰਦਰਸ਼ਤ ਕਰਨ ਦੀ ਮੰਗ ਕੀਤੀ ਹੈ।
ਯੂ ਪੀ ਦੇ ਮੋਹਨ ਲਾਲ ਗੰਜ ਤੋਂ ਸਮਾਜਵਾਦੀ ਪਾਰਟੀ ਦੇ ਸਾਂਸਦ ਆਰ ਕੇ ਚੌਧਰੀ ਨੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਸੇਂਗੋਲ (ਲੱਗਭੱਗ ਪੰਜ ਫੁੱਟ ਲੰਬੇ ਸੋਨ-ਪਰਤ ਵਾਲੇ ਰਾਜ ਸੱਤਾ ਦੇ ਚਿੰਨ੍ਹ) ਦੀ ਜਮਹੂਰੀਅਤ ਵਿਚ ਪ੍ਰਸੰਗਿਕਤਾ ’ਤੇ ਕਿੰਤੂ ਕੀਤਾ ਹੈ। ਉਨ੍ਹਾ ਕਿਹਾ ਹੈ ਕਿ ਸੰਵਿਧਾਨ ਜਮਹੂਰੀਅਤ ਦਾ ਚਿੰਨ੍ਹ ਹੈ। ਮੋਦੀ ਸਰਕਾਰ ਨੇ ਪਿਛਲੇ ਕਾਰਜਕਾਲ ਦੌਰਾਨ ਸੇਂਗੋਲ ਸੰਸਦ ਵਿਚ ਸਥਾਪਤ ਕਰ ਦਿੱਤਾ। ਸੇਂਗੋਲ ਦਾ ਮਤਲਬ ਹੈ ‘ਰਾਜ-ਦੰਡ’। ਇਸ ਨੂੰ ਰਾਜਾ ਕਾ ਡੰਡਾ ਵੀ ਕਿਹਾ ਜਾਂਦਾ ਹੈ। ਰਜਵਾੜਾਸ਼ਾਹੀ ਦੇ ਖਾਤਮੇ ਤੋਂ ਬਾਅਦ ਦੇਸ਼ ਆਜ਼ਾਦ ਹੋ ਗਿਆ ਸੀ। ਕੀ ਦੇਸ਼ ਰਾਜੇ ਦੇ ਡੰਡੇ ਨਾਲ ਚੱਲੇਗਾ ਜਾਂ ਸੰਵਿਧਾਨ ਨਾਲ? ਸੰਵਿਧਾਨ ਨੂੰ ਬਚਾਉਣ ਲਈ ਸੇਂਗੋਲ ਨੂੰ ਸੰਸਦ ਵਿੱਚੋਂ ਹਟਾਇਆ ਜਾਵੇ। ਜਦੋਂ ਮੀਡੀਆ ਨੇ ਚੌਧਰੀ ਦੀ ਮੰਗ ਬਾਰੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਤੋਂ ਪ੍ਰਤੀਕਿਰਿਆ ਮੰਗੀ ਤਾਂ ਉਨ੍ਹਾ ਕਿਹਾ ਕਿ ਉਨ੍ਹਾ ਦੀ ਪਾਰਟੀ ਦੇ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੇਂਗੋਲ ਸਥਾਪਤ ਕਰਨ ਤੋਂ ਬਾਅਦ ਉਸ ਅੱਗੇ ਸਿਰ ਝੁਕਾਉਣ ਦਾ ਵਾਕਿਆ ਚੇਤੇ ਕਰਾਉਣਾ ਚਾਹੁੰਦੇ ਸਨ। ਜਦੋਂ ਸੇਂਗੋਲ ਸਥਾਪਤ ਕੀਤਾ ਗਿਆ ਸੀ ਤਾਂ ਪ੍ਰਧਾਨ ਮੰਤਰੀ ਨੇ ਉਸ ਅੱਗੇ ਸਿਰ ਝੁਕਾਇਆ ਸੀ, ਪਰ ਇਸ ਵਾਰ ਸਦਨ ਦੀ ਮੈਂਬਰੀ ਦੀ ਸਹੁੰ ਚੁੱਕਣ ਵੇਲੇ ਉਹ ਸਿਰ ਝੁਕਾਉਣਾ ਭੁੱਲ ਗਏ। ਚੌਧਰੀ ਪ੍ਰਧਾਨ ਮੰਤਰੀ ਨੂੰ ਇਹੀ ਚੇਤੇ ਕਰਾਉਣਾ ਚਾਹੁੰਦੇ ਸਨ।

LEAVE A REPLY

Please enter your comment!
Please enter your name here