ਕੋਲਕਾਤਾ : ਪੱਛਮੀ ਬੰਗਾਲ ਦੇ ਰਾਜਪਾਲ ਸੀ ਵੀ ਆਨੰਦ ਬੋਸ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਖਿਲਾਫ ਕਲਕੱਤਾ ਹਾਈ ਕੋਰਟ ਵਿਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਬੈਨਰਜੀ ਨੇ ਲੰਘੇ ਦਿਨ ਸੂਬਾ ਸਕੱਤਰੇਤ ਵਿਚ ਪ੍ਰਸ਼ਾਸਨਕ ਬੈਠਕ ਦੌਰਾਨ ਕਿਹਾ ਸੀ ਕਿ ਕੁਝ ਮਹਿਲਾਵਾਂ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਹੈ ਕਿ ਉਹ ਰਾਜ ਭਵਨ ਵਿਚ ਚਲਦੀਆਂ ਸਰਗਰਮੀਆਂ ਕਰਕੇ ਉਥੇ ਜਾਣ ਤੋਂ ਡਰਦੀਆਂ ਹਨ। ਬੋਸ ਨੇ ਇਸ ਟਿੱਪਣੀ ਲਈ ਬੈਨਰਜੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਸੀ ਕਿ ਲੋਕ ਨੁਮਾਇੰਦਿਆਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਗਲਤ ਤਸਵੀਰ ਪੇਸ਼ ਕਰਨ ਜਾਂ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਨਾ ਕਰਨ। ਸੂਤਰਾਂ ਨੇ ਕਿਹਾ ਕਿ ਰਾਜਪਾਲ ਨੇ ਕੁਝ ਟੀ ਐੱਮ ਸੀ ਆਗੂਆਂ ਖਿਲਾਫ ਵੀ ਮਿਲਦੀਆਂ-ਜੁਲਦੀਆਂ ਟਿੱਪਣੀਆਂ ਲਈ ਮਾਣਹਾਨੀ ਕੇਸ ਦਰਜ ਕੀਤਾ ਹੈ।
6 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ
ਅੰਮਿ੍ਰਤਸਰ : ਬੀ ਐੱਸ ਐੱਫ ਨੇ ਅੰਮਿ੍ਰਤਸਰ ਜ਼ਿਲ੍ਹੇ ’ਚੋਂ ਛੇ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਡਰੋਨਾਂ ਦੀ ਗਤੀਵਿਧੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਚਲਾਈ ਖੋਜ ਮੁਹਿੰਮ ਦੌਰਾਨ ਦੋ ਥਾਵਾਂ ਤੋਂ 6.130 ਕਿੱਲੋ ਹੈਰੋਇਨ ਬਰਾਮਦ ਹੋਈ। ਮੁਹਾਵਾ ਅਤੇ ਕੱਕੜ ਪਿੰਡ ’ਚੋਂ ਕ੍ਰਮਵਾਰ 560 ਗ੍ਰਾਮ ਅਤੇ 5.570 ਕਿੱਲੋ ਦੀ ਖੇਪ ਬਰਮਾਦ ਹੋਈ ਹੈ। ਦੋਵੇਂ ਪੈਕੇਟ ਪਾਕਿਸਤਾਨੀ ਡਰੋਨਾਂ ਰਾਹੀਂ ਸੁੱਟੇ ਗਏ ਸਨ।