ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਐੱਲ ਪੀ ਜੀ ਦੀ ਘਾਟ ਦੀ ਰਿਪੋਰਟ ’ਤੇ ਚਿੰਤਾਵਾਂ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਲੋਕਾਂ ਨੂੰ ਕਹਿ ਰਹੇ ਹਨ ਕਿ ਘਬਰਾਉਣ ਦੀ ਲੋੜ ਨਹੀਂ, ਆਪ ਉਹ ਡਰੇ ਹੋਏ ਹਨ। ਗਾਂਧੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਐਪਸਟਾਈਨ ਫਾਈਲਾਂ ਦੇ ਮੁੱਦੇ ਅਤੇ ਅਮਰੀਕਾ ’ਚ ਅਡਾਨੀ ਕੇਸ ਕਾਰਨ ਵੀ ਘਬਰਾਏ ਹੋਏ ਹਨ। ਉਨ੍ਹਾ ਇਹ ਟਿੱਪਣੀਆਂ ਉਦੋਂ ਕੀਤੀਆਂ, ਜਦੋਂ ਕਈ ਵਿਰੋਧੀ ਸੰਸਦ ਮੈਂਬਰਾਂ, ਜਿਨ੍ਹਾਂ ’ਚ ਉਹ ਅਤੇ ਪਿ੍ਰਯੰਕਾ ਗਾਂਧੀ ਵਾਡਰਾ ਸ਼ਾਮਲ ਸਨ, ਨੇ ਸੰਸਦ ਭਵਨ ਕੰਪਲੈਕਸ ’ਚ ਵਪਾਰਕ ਐੱਲ ਪੀ ਜੀ ਸਿਲੰਡਰਾਂ ਦੀ ਘਾਟ ਨੂੰ ਲੈ ਕੇ ਸਰਕਾਰ ਤੋਂ ਜਵਾਬ ਮੰਗਣ ਲਈ ਵਿਰੋਧ ਪ੍ਰਦਰਸ਼ਨ ਕੀਤਾ।
ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਪਰ ਪ੍ਰਧਾਨ ਮੰਤਰੀ ਖੁਦ ਬਿਲਕੁਲ ਵੱਖਰੇ ਕਾਰਨਾਂ ਕਰਕੇ ਘਬਰਾਉਂਦੇ ਹਨ। ਉਹ ਐਪਸਟਾਈਨ ਕਾਰਨ ਘਬਰਾਉਂਦੇ ਹਨ, ਉਹ ਅਡਾਨੀ ਕੇਸ ਕਾਰਨ ਘਬਰਾਉਂਦੇ ਹਨ, ਉਹ ਸਦਨ ਦੇ ਅੰਦਰ ਨਹੀਂ ਆ ਸਕਦੇ। ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜਨਤਕ ਹਿੱਤਾਂ ਦੀ ਰੱਖਿਆ ਕੀਤੀ ਜਾਵੇਗੀ। ਉਨ੍ਹਾ ਐਲ ਪੀ ਜੀ ਸੰਕਟ ਨਾਲ ਨਜਿੱਠਣ ਵਿਚ ਵਿਸ਼ਵਾਸ ਪ੍ਰਗਟ ਕੀਤਾ, ਜਿੱਥੇ ਵਪਾਰਕ ਐੱਲ ਪੀ ਜੀ ਦੀ ਘੱਟ ਸਪਲਾਈ ਨੇ ਦੇਸ਼ ਦੇ ਹੋਟਲ ਸੈਕਟਰ ਨੂੰ ਅਪਾਹਜ ਕਰ ਦਿੱਤਾ ਹੈ।
ਜਹਾਜ਼ਾਂ ਦੀ ਆਵਾਜਾਈ ਅਤੇ ਊਰਜਾ ਬੁਨਿਆਦੀ ਢਾਂਚੇ ’ਤੇ ਈਰਾਨ ਦੇ ਨਿਰੰਤਰ ਹਮਲਿਆਂ ਨੇ ਵੀਰਵਾਰ ਨੂੰ ਤੇਲ ਦੀ ਕੀਮਤ 100 ਅਮਰੀਕੀ ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚਾ ਦਿੱਤੀ ਹੈ । ਵੀਰਵਾਰ ਵੀ ਅਮਰੀਕਾ ਅਤੇ ਇਜ਼ਰਾਈਲ ਨੇ ਇਸਲਾਮੀ ਗਣਰਾਜ (ਈਰਾਨ) ’ਤੇ ਬੰਬਾਰੀ ਕੀਤੀ ਅਤੇ ਯੁੱਧ ਦੇ ਖਤਮ ਹੋਣ ਦਾ ਕੋਈ ਸੰਕੇਤ ਨਜ਼ਰ ਨਹੀਂ ਆ ਰਿਹਾ।
ਈਰਾਨ ਨੇ ਦੁਬਈ ਦੇ ਤੱਟ ’ਤੇ ਇੱਕ ਕੰਟੇਨਰ ਜਹਾਜ਼ ਨੂੰ ਨਿਸ਼ਾਨਾ ਬਣਾਇਆ, ਬਹਿਰੀਨ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅੱਗ ਲਗਾਈ, ਇੱਕ ਡਰੋਨ ਹਮਲੇ ਨਾਲ ਸਾਊਦੀ ਅਰਬ ਦੇ ਇੱਕ ਵੱਡੇ ਤੇਲ ਖੇਤਰ ਨੂੰ ਨਿਸ਼ਾਨਾ ਬਣਾਇਆ ਅਤੇ ਫਾਰਸ ਦੀ ਖਾੜੀ ਵਿੱਚ ਬਸਰਾ ਬੰਦਰਗਾਹ ’ਤੇ ਹਮਲੇ ਤੋਂ ਬਾਅਦ ਇਰਾਕ ਨੂੰ ਦੇਸ਼ ਦੇ ਸਾਰੇ ਤੇਲ ਟਰਮੀਨਲਾਂ ’ਤੇ ਕੰਮ ਰੋਕਣ ਲਈ ਮਜਬੂਰ ਕਰ ਦਿੱਤਾ। ਈਰਾਨ ਨੇ ਆਪਣੇ ਖਾੜੀ ਗੁਆਂਢੀਆਂ ’ਤੇ ਹਮਲੇ ਰੋਕਣ ਦੀ ਮੰਗ ਕਰਨ ਵਾਲੇ ਪਿਛਲੇ ਦਿਨ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤੇ ਦੀ ਪਰਵਾਹ ਨਹੀਂ ਕੀਤੀ ਅਤੇ ਕੁਵੈਤ ਤੇ ਸੰਯੁਕਤ ਅਰਬ ਅਮੀਰਾਤ ਵਿੱਚ ਵੀ ਨਵੇਂ ਹਮਲਿਆਂ ਦੀ ਖਬਰ ਮਿਲੀ ਹੈ। ਈਰਾਨ ਦੇ ਹਮਲੇ ਕਾਰਨ ਯੇਰੂਸ਼ਲਮ ਵਿੱਚ ਸਵੇਰ ਹੋਣ ਤੋਂ ਪਹਿਲਾਂ ਹੀ ਸਾਈਰਨ ਵੱਜਣ ਲੱਗੇ। ਇਜ਼ਰਾਈਲ ਨੇ ਕਿਹਾ ਕਿ ਉਹ ਈਰਾਨ ਤੋਂ ਦਾਗੀਆਂ ਗਈਆਂ ਮਿਜ਼ਾਈਲਾਂ ਨੂੰ ਰੋਕਣ ਲਈ ਕੰਮ ਕਰ ਰਿਹਾ ਹੈ। ਇਜ਼ਰਾਈਲ ਨੇ ਇਹ ਵੀ ਐਲਾਨ ਕੀਤਾ ਕਿ ਉਸ ਨੇ ਤਹਿਰਾਨ ’ਤੇ ਵੱਡੇ ਪੱਧਰ ’ਤੇ ਹਮਲਿਆਂ ਦੀ ਲਹਿਰ ਸ਼ੁਰੂ ਕਰ ਦਿੱਤੀ ਹੈ। ਲਿਬਨਾਨ ਵਿੱਚ ਸਵੇਰ ਵੇਲੇ ਹੋਏ ਦੋ ਹਮਲਿਆਂ ਵਿੱਚ 11 ਲੋਕ ਮਾਰੇ ਗਏ।



