ਮਾਲੇਰਕੋਟਲਾ : ਨਗਰ ਕੌਂਸਲ ਮਾਲੇਰਕੋਟਲਾ ਦੇ ਵਾਰਡ ਨੰਬਰ 18 ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਮੁਹੰਮਦ ਅਕਬਰ ਉਰਫ ਭੋਲੀ ਦੀ ਐਤਵਾਰ ਸਵੇਰੇ ਕਰੀਬ ਪੌਣੇ ਨੌ ਵਜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਭੋਲੀ ਰੋਜ਼ਾਨਾ ਦੀ ਤਰ੍ਹਾਂ ਸਥਾਨਕ ਲੁਧਿਆਣਾ ਬਾਈਪਾਸ ਨੇੜੇ ਸਥਿਤ ਆਪਣੇ ਅਕਬਰ ਜਿੰਮ ਵਿਖੇ ਮੌਜੂਦ ਸੀ | ਇੱਕ ਨੌਜਵਾਨ ਕਲੱਬ ‘ਚ ਦਾਖਲ ਹੋ ਕੇ ਭੋਲੀ ‘ਤੇ ਗੋਲੀ ਚਲਾਉਣ ਉਪਰੰਤ ਜਿੰਮ ਦੇ ਬਾਹਰ ਖੜ੍ਹੇ ਆਪਣੇ ਸਾਥੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ | ਭੋਲੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦਿੱਤਾ | ਪਤਾ ਲੱਗਦਿਆਂ ਹੀ ਡੀ ਐੱਸ ਪੀ ਕੁਲਦੀਪ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ | ਥਾਣਾ ਸ਼ਹਿਰੀ-1 ਦੀ ਪੁਲਸ ਨੇ ਮਿ੍ਤਕ ਦੀ ਪਤਨੀ ਅਕਬਰੀ ਦੇ ਬਿਆਨ ‘ਤੇ ਅਣਪਛਾਤਿਆਂ ਵਿਰੁੱਧ ਧਾਰਾ 302, 34ਆਈ ਪੀ ਸੀ, 25/54/59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਦਿਆਂ ਜਿੰਮ ਵਿਚਲੇ ਅਤੇ ਜਿੰਮ ਨੇੜਲੀਆਂ ਇਮਾਰਤਾਂ ‘ਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਸੀ | ਐੱਸ ਐੱਸ ਪੀ ਅਵਨੀਤ ਕੌਰ ਨੇ ਕਿਹਾ ਕਿ ਕਾਤਲ ਜਲਦੀ ਹੀ ਪੁਲਸ ਦੀ ਗਿ੍ਫ਼ਤ ‘ਚ ਹੋਣਗੇ | ਦੱਸਣਯੋਗ ਹੈ ਕਿ ਭੋਲੀ ਨੇ ਨਗਰ ਕੌਂਸਲ ਦੀ ਚੋਣ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਜਿੱਤੀ ਸੀ | ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਹ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਿਆ ਸੀ | ਕਰੀਬ ਦੋ ਸਾਲ ਪਹਿਲਾਂ ਉਸਦੇ ਭਰਾ ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ | ਹਲਕਾ ਵਿਧਾਇਕ ਡਾਕਟਰ ਜ਼ਮੀਲ ਉਰ ਰਹਿਮਾਨ ਨੇ ਭੋਲੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਿਵਾਰ ਨੂੰ ਇਨਸਾਫ ਦਾ ਭਰੋਸਾ ਦਿਵਾਇਆ ਹੈ |