ਰਾਂਚੀ : ਝਾਰਖੰਡ ਦੇ ਤਿੰਨ ਕਾਂਗਰਸੀ ਵਿਧਾਇਕਾਂ ਦੇ ਵੱਡੀ ਰਕਮ ਨਾਲ ਪੱਛਮੀ ਬੰਗਾਲ ਵਿਚ ਫੜੇ ਜਾਣ ਤੋਂ ਬਾਅਦ ਸੂਬੇ ਦੇ ਇਕ ਕਾਂਗਰਸ ਵਿਧਾਇਕ ਅਨੂਪ ਸਿੰਘ ਉਰਫ ਜੈਮੰਗਲ ਸਿੰਘ ਨੇ ਦੋਸ਼ ਲਾਇਆ ਹੈ ਕਿ ਤਿੰਨਾਂ ਵਿਧਾਇਕਾਂ ਨੇ ਉਸਨੂੰ ਵੀ ਉਨ੍ਹਾਂ ਦੇ ਨਾਲ ਗੁਹਾਟੀ ਵਿਚ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੂੰ ਮਿਲਣ ਲਈ ਕਿਹਾ ਸੀ | ਉਨ੍ਹਾਂ ਕਿਹਾ ਸੀ ਕਿ ਝਾਰਖੰਡ ਮੁਕਤੀ ਮੋਰਚਾ ਤੇ ਕਾਂਗਰਸ ਦੇ ਗੱਠਜੋੜ ਵਾਲੀ ਸਰਕਾਰ ਡੇਗਣ ਤੋਂ ਬਾਅਦ ਉਸਨੂੰ ਮੰਤਰੀ ਬਣਾਇਆ ਜਾਵੇਗਾ ਤੇ 10 ਕਰੋੜ ਰੁਪਏ ਵੀ ਦਿੱਤੇ ਜਾਣਗੇ | ਬੇਰਮੋ ਹਲਕੇ ਤੋਂ ਵਿਧਾਇਕ ਜੈਮੰਗਲ ਨੇ ਇਸ ਬਾਰੇ ਰਾਂਚੀ ਦੇ ਅਰਗੋੜਾ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਾਈ ਹੈ | ਉਸਨੇ ਪਿਛਲੇ ਸਾਲ ਵੀ ਕੋਤਵਾਲੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਕੇ ਵਿਧਾਇਕਾਂ ਦੀ ਖਰੀਦੋ-ਫਰੋਖਤ ਦਾ ਦੋਸ਼ ਲਾਇਆ ਸੀ |
ਤਾਂ ਵੀ, ਭਾਜਪਾ ਦੇ ਉੱਤਰ-ਪੂਰਬ ਵਿਚ ਸਭ ਤੋਂ ਅਹਿਮ ਆਗੂ ਬਿਸਵਾ ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ ਤੇ ਕਿਹਾ ਹੈ—ਕਾਂਗਰਸ ਦੇ ਟਾਪ ਦੇ ਆਗੂ ਮੇਰੇ ਸੰਪਰਕ ਵਿਚ ਰਹਿੰਦੇ ਹਨ | ਅਸੀਂ ਸਿਆਸਤ ਦੀਆਂ ਗੱਲਾਂ ਨਹੀਂ ਕਰਦੇ | ਮੈਂ 22 ਸਾਲ ਕਾਂਗਰਸ ਵਿਚ ਰਿਹਾ ਹਾਂ ਤੇ ਮਿਲਣਾ-ਗਿਲਣਾ ਹੁੰਦਾ ਰਹਿੰਦਾ ਹੈ | ਪਤਾ ਨਹੀਂ ਮੇਰੇ ਵਿਰੁੱਧ ਸ਼ਿਕਾਇਤ ਕਿਉਂ ਦਰਜ ਕਰਾਈ ਗਈ ਹੈ |
ਜੈਮੰਗਲ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਗਿ੍ਫਤਾਰ ਵਿਧਾਇਕਾਂ ਨੇ ਉਸਨੂੰ ਕੋਲਕਾਤਾ ਆਉਣ ਲਈ ਕਿਹਾ ਸੀ ਜਿਥੋਂ ਸਾਰਿਆਂ ਨੇ ਗੁਹਾਟੀ ਜਾਣਾ ਸੀ | ਜਮਾਤਰਾ ਦੇ ਵਿਧਾਇਕ ਇਰਫਾਨ ਅਨਸਾਰੀ ਨੇ ਉਸਨੂੰ ਦੱਸਿਆ ਸੀ ਕਿ ਸਭ ਨੂੰ 10-10 ਕਰੋੜ ਰੁਪਏ ਦੇਣ ਤੇ ਉਸਨੂੰ ਭਾਜਪਾ ਦੀ ਨਵੀਂ ਸਰਕਾਰ ਵਿਚ ਸਿਹਤ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ | ਅਨਸਾਰੀ ਨੇ ਇਹ ਵੀ ਯਕੀਨ ਦਿਵਾਇਆ ਸੀ ਕਿ ਸਰਮਾ ਇਹ ਸਭ ਕੁਝ ਦਿੱਲੀ ਬੈਠੇ ਭਾਜਪਾ ਆਗੂਆਂ ਦੇ ਅਸ਼ੀਰਵਾਦ ਨਾਲ ਕਰ ਰਹੇ ਹਨ |
ਹਾਵੜਾ ਜ਼ਿਲ੍ਹਾ ਪੁਲਸ ਨੇ ਸ਼ਨੀਵਾਰ ਰਾਤ ਵਿਧਾਇਕ ਇਰਫਾਨ ਅਨਸਾਰੀ, ਰਾਜੇਸ਼ ਕੱਛਪ ਅਤੇ ਨਮਨ ਵਿਕਸਲ ਕੋਂਗਾੜੀ ਦੀ ਗੱਡੀ ਨੂੰ ਪੰਚਲਾ ਥਾਣਾ ਖੇਤਰ ਦੇ ਅਧੀਨ ਰਾਸ਼ਟਰੀ ਰਾਜਮਾਰਗ-16 ‘ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 48 ਲੱਖ ਰੁਪਏ ਬਰਾਮਦ ਹੋਏ ਸੀ | ਪੈਸਿਆਂ ਬਾਰੇ ਸਫਾਈ ਨਾ ਦੇ ਸਕਣ ਤੋਂ ਬਾਅਦ ਤਿੰਨਾਂ ਵਿਧਾਇਕਾਂ, ਡਰਾਈਵਰ ਤੇ ਇਕ ਹੋਰ ਸਾਥੀ ਨੂੰ ਗਿ੍ਫਤਾਰ ਕਰ ਲਿਆ ਗਿਆ | ਕਾਲੇ ਰੰਗ ਦੀ ਫਾਰਚੂਨਰ ਬੋਕਾਰੋ ਦੇ ਨਈਮ ਅਨਸਾਰੀ ਦੇ ਨਾਂ ‘ਤੇ ਰਜਿਸਟਰਡ ਹੈ ਤੇ ਉਸਦੇ ਅੱਗੇ ਜਾਮਤਾੜਾ ਦੇ ਵਿਧਾਇਕ ਅਨਸਾਰੀ ਦਾ ਬੋਰਡ ਲੱਗਾ ਹੋਇਆ ਸੀ | ਗੱਡੀ ਗੁਹਾਟੀ ਤੋਂ ਬੰਗਾਲ ਵੱਲ ਆ ਰਹੀ ਸੀ |
ਇਸੇ ਦੌਰਾਨ ਇਰਫਾਨ ਦੇ ਭਾਰ ਇਮਰਾਨ ਨੇ ਕਿਹਾ ਹੈ ਕਿ ਇਰਫਾਨ ਕੋਲਕਾਤਾ ਤੋਂ ਆਦੀਵਾਸੀਆਂ ਲਈ ਸਾੜ੍ਹੀਆਂ ਖਰੀਦਣ ਗਏ ਸੀ | ਉਹ ਹਰ ਸਾਲ ਬੜਾ ਬਾਜ਼ਾਰ ਤੋਂ ਸਾੜ੍ਹੀਆਂ ਲਿਆਂਉਂਦੇ ਹਨ | ਕਾਂਗਰਸ ਨੇ ਝਾਰਖੰਡ ‘ਚ ਭਾਜਪਾ ‘ਤੇ ਆਪਣੀ ਗਠਜੋੜ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਭਾਜਪਾ ਝਾਰਖੰਡ ‘ਚ ਵੀ ਉਸੇ ਤਰ੍ਹਾਂ ਕਰਨਾ ਚਾਹੁੰਦੀ ਹੈ, ਜੋ ਉਸ ਨੇ ਮਹਾਰਾਸ਼ਟਰ ‘ਚ ਕੀਤਾ | ਇਸੇ ਦੌਰਾਨ ਕਾਂਗਰਸ ਨੇ ਤਿੰਨਾਂ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਹੈ |
ਕਾਂਗਰਸ ਦੇ ਸੂਤਰਾਂ ਨੇ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਝਾਰਖੰਡ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦਿੱਲੀ ਦੇ ਇਕ ਫਾਈਵ ਸਟਾਰ ਹੋਟਲ ਵਿਚ ਆਸਾਮ ਦੇ ਇਕ ਵੱਡੇ ਭਾਜਪਾ ਆਗੂ ਨਾਲ ਮੁਲਾਕਾਤ ਕੀਤੀ ਸੀ | ਮੀਟਿੰਗ ਵਿਚ ਕਾਂਗਰਸ ਆਗੂ ਦਾ ਬੇਟੇ ਵੀ ਸ਼ਾਮਲ ਸੀ | ਮੀਟਿੰਗ ਤੋਂ ਬਾਅਦ ਇਸ ਆਗੂ ਨੇ ਕਾਂਗਰਸ ਦੇ ਪੰਜ ਵਿਧਾਇਕ ਗੰਢੇ | ਫੜੇ ਗਏ ਤਿੰਨ ਵਿਧਾਇਕ ਉਨ੍ਹਾਂ ਵਿਚ ਸ਼ਾਮਲ ਸਨ |